ED ਦ ਛਾਪੇਮਾਰੀ ਨਾਲ ਜੁੜੀ ਵੱਡੀ ਖ਼ਬਰ, ਹੁਣ ਤਕ 10 ਕਰੋੜ ਰੁਪਏ ਜ਼ਬਤ, 8 ਕਰੋੜ CM ਦੇ ਰਿਸ਼ਤੇਦਾਰ ਘਰੋਂ ਬਰਾਮਦ

ਚੰਡੀਗੜ੍ਹ : ED Raids In Punjab: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਰੇਤ ਮਾਈਨਿੰਗ ਤੋਂ ਨਾਜਾਇਜ਼ ਕਮਾਈ ਦੇ ਮਾਮਲੇ ’ਚ ਮੰਗਲਵਾਰ ਨੂੰ ਪੰਜਾਬ ’ਚ ਵੱਡੀ ਕਾਰਵਾਈ ਕੀਤੀ। ਟੀਮ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ (ਸਾਲੀ ਦੇ ਬੇਟੇ) ਦੇ ਮੋਹਾਲੀ ਤੇ ਲੁਧਿਆਣਾ ਸਥਿਤ ਘਰਾਂ ਸਮੇਤ 12 ਥਾਵਾਂ ’ਤੇ ਛਾਪੇਮਾਰੀ ਕੀਤੀ ਜਿਸ ਵਿਚ ਹੁਣ ਤਕ ED ਨੇ 10 ਕਰੋੜ ਰੁਪਏ ਜ਼ਬਤ ਕੀਤੇ ਹਨ। ਇਸ ਦੌਰਾਨ ਈਡੀ ਨੂੰ ਭੁਪਿੰਦਰ ਸਿੰਘ ਹਨੀ ਦੇ ਘਰੋਂ 8 ਕਰੋੜ ਤੇ ਉਸ ਦੇ ਇਕ ਸਾਥੀ ਘਰੋਂ 2 ਕਰੋੜ ਦੀ ਰਕਮ ਬਰਾਮਦ ਕੀਤੀ ਹੈ।

ਈਡੀ ਨੂੰ ਇਸ ਮਾਮਲੇ ’ਚ ਰੇਤ ਮਾਈਨਿੰਗ ਜ਼ਰੀਏ ਕਰੋਡ਼ਾਂ ਰੁਪਏ ਦੀ ਨਾਜਾਇਜ਼ ਕਮਾਈ ਦਾ ਸ਼ੱਕ ਹੈ। ਈਡੀ ਨੇ ਮੋਹਾਲੀ ਦੇ ਸੈਕਟਰ-70 ਸਥਿਤ ਹੋਮਲੈਂਡ ਸੁਸਾਇਟੀ ਤੇ ਲੁਧਿਆਣਾ ਸਥਿਤ ਸ਼ਹੀਦ ਭਗਤ ਸਿੰਘ ਨਗਰ ਸਥਿਤ ਭੁਪਿੰਦਰ ਸਿੰਘ ਹਨੀ ਦੇ ਘਰਾਂ ’ਤੇ ਛਾਪੇ ਮਾਰੇ ਤੇ ਕਈ ਦਸਤਾਵੇਜ਼ ਜ਼ਬਤ ਕੀਤੇ।

ਈਡੀ ਨੇ ਹਨੀ ਤੋਂ ਪੁੱਛਿਆ ਕਿ ਕੀ ਨਾਜਾਇਜ਼ ਮਾਈਨਿੰਗ ’ਚ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਸੂਖ ਦੀ ਵਰਤੋਂ ਕੀਤੀ ਹੈ? ਲੁਧਿਆਣੇ ’ਚ ਜਲੰਧਰੋਂ ਆਈ ਈਡੀ ਦੀ ਟੀਮ ਕਾਫ਼ੀ ਦੇਰ ਤਕ ਜਾਂਚ ਕਰਦੀ ਰਹੀ ਤੇ ਕਈ ਦਸਤਾਵੇਜ਼ ਨਾਲ ਲੈ ਗਈ। ਭੁਪਿੰਦਰ ਸਿੰਘ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਦੱਸਿਆ ਜਾਂਦਾ ਹੈ ਕਿ ਭੁਪਿੰਦਰ ਸਿੰਘ ਹਨੀ ਹੀ ਮੁੱਖ ਮੰਤਰੀ ਦੇ ਆਰਥਿਕ ਮਾਮਲਿਆਂ ਨੂੰ ਦੇਖਦਾ ਰਿਹਾ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਇਸ ਦੌਰਾਨ ਕਰੋਡ਼ਾਂ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਈ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਖ਼ੁਦ ਨੂੰ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਹੀ ‘ਲੋ ਪ੍ਰੋਫਾਈਲ’ ਪਰਿਵਾਰ ਦੱਸਦੇ ਰਹੇ ਹਨ ਜਦਕਿ ਸਿਆਸੀ ਵਿਰੋਧੀ ਉਨ੍ਹਾਂ ਦੇ ਰਿਸ਼ਤੇਦਾਰ ਦੀਆਂ ਕਰੋਡ਼ਾਂ ਰੁਪਏ ਦੀ ਜਾਇਦਾਦ ’ਤੇ ਸਵਾਲ ਉਠਾਉਂਦੇ ਰਹੇ ਹਨ। ਉਧਰ ਪਠਾਨਕੋਟ ਦੇ ਮਾਮੂਨ ’ਚ ਸਵੇਰੇ ਕਰੀਬ ਅੱਠ ਵਜੇ ਈਡੀ ਦੀ ਟੀਮ ਨੇ ਕਾਰੋਬਾਰੀ ਵਿਕਰਮ ਜੋਸ਼ੀ ਦੇ ਘਰ ’ਤੇ ਛਾਪਾ ਮਾਰਿਆ ਤੇ ਸ਼ਾਮ ਸਾਢੇ ਛੇ ਵਜੇ ਰਿਕਾਰਡ ਤੇ ਬੈਂਕ ਖਾਤਿਆਂ ਦੀ ਡਿਟੇਲ ਦੀ ਪੁਣਛਾਣ ਕੀਤੀ। ਉਧਰ ਫ਼ਤਹਿਗਡ਼੍ਹ ਸਾਹਿਬ ਦੇ ਅਮਲੋਹ ਹਲਕੇ ਦੇ ਪਿੰਡ ਬੁੱਗਾ ਕਲਾਂ ’ਚ ਸਾਬਕਾ ਸਰਪੰਚ ਰਣਦੀਪ ਸਿੰਘ ਬੁੱਗਾ ਦੇ ਘਰ ’ਤੇ ਵੀ ਈਡੀ ਦੀ ਟੀਮ ਨੇ ਕਾਰਵਾਈ ਕੀਤੀ। ਇਹ ਕਾਰਵਾਈ ਵੀ ਨਾਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ’ਚ ਹੀ ਕੀਤੀ ਗਈ ਹੈ। ਬੁੱਗਾ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਦੇ ਕਰੀਬੀ ਹਨ। ਉਧਰ ਮੰਤਰੀ ਨੇ ਇਸ ਨੂੰ ਚੋਣ ਸਟੰਟ ਦੱਸਿਆ

ਪੰਜਾਬ ’ਚ ਹਮੇਸ਼ਾ ਉਠਦਾ ਰਿਹੈ ਨਾਜਾਇਜ਼ ਮਾਈਨਿੰਗ ਦਾ ਮੁੱਦਾ

ਪੰਜਾਬ ’ਚ ਨਾਜਾਇਜ਼ ਮਾਈਨਿੰਗ ਹਮੇਸ਼ਾ ਤੋਂ ਹੀ ਵੱਡਾ ਮੁੱਦਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ’ਚ ਹੈਲੀਕਾਪਟਰ ਰਾਹੀਂ ਦੌਰਾ ਕਰ ਕੇ ਇਸ ਮੁੱਦੇ ਨੂੰ ਹੋਰ ਹਵਾ ਦਿੱਤੀ ਸੀ। ਇਸ ਪਿੱਛੋਂ ਪ੍ਰਸ਼ਾਸਨ ਨੇ ਕਈ ਲੋਕਾਂ ’ਤੇ ਕਾਰਵਾਈ ਕੀਤੀ ਸੀ। ਉਸ ਵੇਲੇ ਚੰਨੀ ਤਕਨੀਕੀ ਸਿੱਖਿਆ ਮੰਤਰੀ ਸਨ। ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਮਾਮਲਾ ਉਠਾਇਆ ਸੀ। ਪੰਜਾਬ ’ਚ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸੀਐੱਮ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ’ਚ ਨਾਜਾਇਜ਼ ਰੇਤ ਮਾਈਨਿੰਗ ਦੇ ਦੋਸ਼ ਲਾਏ ਸਨ। ਉਨ੍ਹਾਂ ਨੇ ਪਿੱੰਡ ਜਿੰਦਾਪੁਰ ਪੁੱਜ ਕੇ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਚੰਨੀ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਸੀ ਤੇ ਆਪ ਦੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਿਆ ਸੀ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਇਹ ਮੁੱਦਾ ਉਠਾਉਂਦੇ ਰਹੇ ਹਨ। ਉਨ੍ਹਾਂ ਨੇ ਆਪਣੇ ਪੰਜਾਬ ਮਾਡਲ ’ਚ ਰੇਤ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਵੀ ਦਿੱਤਾ ਹੈ।

ਇਹ ਹੈ ਮਾਮਲਾ

ਪੰਜਾਬ ਪੁਲਿਸ ਨੇ ਰੂਪਨਗਰ ਦੇ ਚਮਕੌਰ ਸਾਹਿਬ ’ਚ 2018 ’ਚ ਨਾਜਾਇਜ਼ ਰੇਤ ਮਾਈਨਿੰਗ ਦਾ ਇਕ ਕੇਸ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ ਚਮਕੌਰ ਸਾਹਿਬ ਮੁੱਖ ਮੰਤਰੀ ਚੰਨੀ ਦਾ ਵਿਧਾਨ ਸਭਾ ਹਲਕਾ ਹੈ। ਇਸ ਕੇਸ ’ਚ ਵਿੱਤੀ ਧੋਖਾਦੇਹੀ ਦੀ ਧਾਰਾ ਵੀ ਲੱਗੀ ਸੀ। ਉਸ ਕੇਸ ਦੀ ਜਾਂਚ ’ਚ ਸਾਹਮਣੇ ਆਇਆ ਸੀ ਕਿ ਭੁਪਿੰਦਰ ਸਿੰਘ ਹਨੀ ਹੀ ਸਾਰੇ ਮਾਮਲੇ ਦਾ ਸੂਤਰਧਾਰ ਹੈ। ਇਸ ਆਧਾਰ ’ਤੇ ਹੀ ਈਡੀ ਨੇ ਇਹ ਕੇਸ ਆਪਣੇ ਹੱਥ ਲਿਆ।

ਅਸੀਂ ਘਬਰਾਉਣ ਵਾਲੇ ਨਹੀਂ : ਚੰਨੀ

ਇਸ ਕਾਰਵਾਈ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੰਗਾਲ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ ’ਤੇ ਵੀ ਈਡੀ ਦੇ ਛਾਪੇ ਪਏ ਸਨ। ਇਹ ਕਾਰਵਾਈ ਵੀ ਉਸੇ ਤਰ੍ਹਾਂ ਦੀ ਹੈ ਪਰ ਅਸੀਂ ਇਸ ਤੋਂ ਘਬਰਾਉਣ ਵਾਲੇ ਨਹੀਂ ਹਾਂ। ਇਹ ਕਾਰਵਾਈ ਬਦਲੇ ਤਹਿਤ ਕੀਤੀ ਗਈ ਹੈ। ਨਾਜਾਇਜ਼ ਮਾਈਨਿੰਗ ਦੇ ਦੋਸ਼ ਬੇਬੁਨਿਆਦ ਹਨ। ਈਡੀ ਨੂੰ ਜਾਂਚ ’ਚ ਕੁਝ ਵੀ ਹਾਸਲ ਨਹੀਂ ਹੋਵੇਗਾ।

ਦੁੱਖ ਦੀ ਗੱਲ ਹੈ, ਦੱਸਣ ’ਤੇ ਵੀ ਨਹੀਂ ਜਾਗੇ : ਕੇਜਰੀਵਾਲ

ਇਸ ਮਾਮਲੇ ’ਚ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਰਾਘਵ ਚੱਢਾ ਨੇ ਚੰਨੀ ਦੇ ਹਲਕੇ ਚਮਕੌਰ ਸਾਹਿਬ ’ਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਉਠਾਇਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉੱਥੇ ਕਿਸ ਤਰ੍ਾਂ ਰੇਤ ਦੀ ਚੋਰੀ ਹੋ ਰਹੀ ਹੈ ਪਰ ਫਿਰ ਵੀ ਚੰਨੀ ਨੇ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ।