ਜੰਮੂ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਅੱਜ ਲਸ਼ਕਰ ਦੇ ਅੱਤਵਾਦੀਆਂ ਤੇ ਸੁਰੱਖਿਆਬਲਾਂ ‘ਚ ਮੁਕਾਬਲੇ ਦੌਰਾਨ ਹੁਣ ਤਕ 6 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਕਸ਼ਮੀਰ ‘ਚ ਬੀਤੇ ਕਈ ਦਿਨਾਂ ਤੋਂ ਨਾਗਰਿਕਆਂ ਤੇ ਫੌਜੀਆਂ ਦੀ ਹੱਤਿਆਵਾਂ ਕਰ ਰਹੇ ਅੱਤਵਾਦੀਆਂ ਨੂੰ ਫੌਜ ਨੇ ਮੰਗਲਵਾਰ ਨੂੰ ਕਰਾਰਾ ਜਵਾਬ ਦਿੱਤਾ ਹੈ। ਜਾਣਕਾਰੀ ਮੁਤਾਬਕ ਫੌਜ ਨੇ ਰਾਜੌਰੀ ਦੇ ਜੰਗਲਾਂ ‘ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਹੀ ਨਹੀਂ ਹੁਣ ਵੀ ਫੌਜ ਤੇ ਅੱਤਵਾਦੀਆਂ ‘ਚ ਅਨਕਾਊਂਟਰ ਜਾਰੀ ਹੈ। ਦੂਜੇ ਪਾਸੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਅਸਫਲ ਕਰਨ ਲਈ ਸ੍ਰੀਨਗਰ, ਕੁਲਗਾਮ ਸਣੇ 11 ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ ਮਦਦਗਾਰ ਸਰਹੱਦ ਪਾਰ ਆਪਣੇ ਮੁਖੀਆਂ ਤੇ ਹੈਂਡਲਰਜ਼ ਨਾਲ ਸੰਪਰਕ ‘ਚ ਹੋ ਸਕਦੇ ਹਨ। ਖਦਸ਼ਾ ਹੈ ਕਿ ਇਹ ਮਦਦਗਾਰ ਸਥਾਨਕ ਸਥਿਤੀ ਦੀ ਜਾਣਕਾਰੀ ਉਨ੍ਹਾਂ ਤਕ ਪਹੁੰਚਾ ਸਕਦੇ ਹਨ। ਕਸ਼ਮੀਰ ਦੇ ਜਿਨ੍ਹਾਂ ਇਲਾਕਿਆਂ ‘ਚ ਇੰਟਰਨੈੱਟ ਸੇਵਾਵਾਂ ‘ਤੇ ਰੋਕ ਲਾਈ ਗਈ ਹੈ ਉਨ੍ਹਾਂ ‘ਚ ਸ੍ਰੀਨਗਰ ਦੇ ਅੱਠ, ਕੁਲਗਾਮ ਦੇ ਦੋ ਤੇ ਪੁਲਵਾਮਾ ਦਾ ਇਕ ਇਲਾਕਾ ਸ਼ਾਮਲ ਹੈ। ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਅੱਤਵਾਦੀਆਂ ਦੇ ਮਦਦਗਾਰ ਡਾਟਾ ਦਾ ਇਸਤੇਮਾਲ ਕਰ ਕੇ ਜਾਣਕਾਰੀਆਂ ਬਾਹਰ ਨਾ ਭੇਜ ਸਕਣ।
ਜ਼ਿਲ੍ਹਾ ਪੁਣਛ ਦੇ ਸੁਨਰਕੋਟ ਇਲਾਕੇ ‘ਚ ਫੌਜ ਦੇ ਨੌ ਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਅੱਤਵਾਦੀਆਂ ਦੀ ਅੱਜ ਅੱਠਵੇ ਦਿਨ ਵੀ ਤਲਾਸ਼ ਜਾਰੀ ਹੈ। ਭਾਟਾਧੁਲੀਆਂ ਦੇ ਸੰਘਣੇ ਜੰਗਲਾਂਂ ‘ਚ ਲੁਕੇ ਅੱਤਵਾਦੀਆਂ ਨੂੰ ਮਾਰ ਸੁੱਟਣ ਲਈ ਫੌਜ ਦੇ ਪੈਰਾ ਕਮਾਂਡੋ, ਖੋਜੀ ਕੁੱਤੇ ਤੇ ਜਵਾਨ ਮੁਹਿੰਮ ਛੇੜ ਚੁੱਕੇ ਹਨ। ਅਜਿਹੇ ‘ਚ ਮੁਹਿੰਮ ਦਾ ਜਾਇਜ਼ਾ ਲੈਣ ਲਈ ਫੌਜ ਮੁਖੀ ਐਮਐਮ ਨਰਵਾਣੇ ਵੀ ਕੰਟਰੋਲ ਰੇਖਾ ‘ਤੇ ਪਹੁੰਚ ਗਏ ਹਨ।