ਕੈਪਟਨ ਅਮਰਿੰਦਰ ਖਿਲਾਫ ਚੋਣ ਲੜਨ ਵਾਲੇ ਜਨਰਲ ਜੇਜੇ ਸਿੰਘ ਭਾਜਪਾ ‘ਚ ਸ਼ਾਮਲ

ਚੰਡੀਗੜ੍ਹ : Punjab Election 2022: ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ 2017 ‘ਚ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਚੋਣ ਲੜਨ ਵਾਲੇ ਸਾਬਕਾ ਫੌਜ ਮੁਖੀ ਜਨਰਲ ਜੇਜੇ ਸਿੰਘ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਕਈ ਹੋਰ ਆਗੂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕਈ ਹੋਰ ਆਗੂ ਵੀ ਭਾਜਪਾ ਵਿੱਚ ਸ਼ਾਮਲ ਹੋਏ

ਚੰਡੀਗੜ੍ਹ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ‘ਚ ਸ਼ਾਮਲ ਹੋਏ ਜਨਰਲ ਜੇਜੇ ਸਿੰਘ ਤੋਂ ਇਲਾਵਾ ਪੰਜਾਬ ਮਿਲਕ ਫੈਡ ਦੇ ਚੇਅਰਮੈਨ ਅਜਮੇਰ ਸਿੰਘ (ਲੁਧਿਆਣਾ) ਅਕਾਲੀ ਦਲ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਦੇ ਛੋਟੇ ਭਰਾ ਐਨ.ਐਸ.ਯੂ.ਆਈ ਦੇ ਸਾਬਕਾ ਸੂਬਾ ਮੰਤਰੀ ਤੇ ਯੁਵਾ ਵਿਕਾਸ ਬੋਰਡ ਜਨਰਲ ਸਕੱਤਰ ਪੰਜਾਬ ਕਰਨ ਲਹਿਲ (ਮਾਨਸਾ), ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਐਡਵੋਕੇਟ ਸੁਰਿੰਦਰਪਾਲ ਸਿੰਘ ਆਹਲੂਵਾਲੀਆ (ਚੰਡੀਗੜ੍ਹ), ਰਣਵੀਰ ਕਾਲਜ ਸੰਗਰੂਰ ਦੇ ਪ੍ਰਧਾਨ ਵਿਸ਼ਾਲ, ਸੰਗਰੂਰ ਦੇ ਸਮੂਹ ਸਕੂਲਾਂ ਦੇ ਪ੍ਰਧਾਨ ਗੁਰਵਿੰਦਰ ਸਿੰਘ, ਸਾਬਕਾ ਡੀ.ਜੀ.ਪੀ.ਸੀ.ਆਰ.ਪੀ.ਐਫ ਅਤੇ ਆਈ.ਜੀ.ਪੀ.ਕਸ਼ਮੀਰ ਐਸ.ਐਸ.ਸੰਧੂ (ਪਟਿਆਲਾ), ਆਲ ਇੰਡੀਆ ਸਮਾਜਵਾਦੀ ਪਾਰਟੀ ਦੇ ਸਾਬਕਾ ਯੂਥ ਜਨਰਲ ਸਕੱਤਰ ਬਲਰਾਮ ਸਿੰਘ ਯਾਦਵ ਅਤੇ ਸਮਾਜ ਸੇਵੀ ਅਮਰਜੀਤ ਸਿੰਘ (ਮੋਹਾਲੀ) ਨੂੰ ਸਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਭਾਜਪਾ ਅੱਜ ਟਿਕਟਾਂ ‘ਤੇ ਮੋਹਰ ਲਗਾ ਸਕਦੀ ਹੈ, ਸ਼ੇਖਾਵਤ ਨੇ ਕੈਪਟਨ ਨਾਲ ਕੀਤੀ ਮੁਲਾਕਾਤ

ਦੂਜੇ ਪਾਸੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਸੰਸਦੀ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ। ਇਸ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਨੂੰ ਲੈ ਕੇ ਫੈਸਲਾ ਲਿਆ ਜਾ ਸਕਦਾ ਹੈ। ਕੇਂਦਰੀ ਮੰਤਰੀ ਅਤੇ ਪੰਜਾਬ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਵੀ ਕਿਹਾ ਕਿ ਬੁੱਧਵਾਰ ਸ਼ਾਮ ਤਕ ਟਿਕਟਾਂ ਨੂੰ ਲੈ ਕੇ ਚੰਗੀ ਖ਼ਬਰ ਆ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਨਾਲ ਸੀਟਾਂ ਦੀ ਵੰਡ ਬਾਰੇ ਕੇਂਦਰੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਲਗਪਗ ਹਰ ਚੀਜ਼ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਬੁੱਧਵਾਰ ਦੀ ਬੈਠਕ ‘ਚ ਇਸ ‘ਤੇ ਵੀ ਚਰਚਾ ਕੀਤੀ ਜਾਵੇਗੀ।

ਦੱਸ ਦੇਈਏ ਕਿ ਭਾਜਪਾ ਅਤੇ ਕੈਪਟਨ ਦੀ ਪਾਰਟੀ ਵਿਚਾਲੇ 4 ਤੋਂ 5 ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਇਸ ਸਬੰਧੀ ਗਜੇਂਦਰ ਸ਼ੇਖਾਵਤ ਨੇ ਮੰਗਲਵਾਰ ਨੂੰ ਸਿਸਵਾਂ ਸਥਿਤ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ‘ਤੇ ਮੀਟਿੰਗ ਵੀ ਕੀਤੀ। ਇਹ ਉਹ ਸੀਟਾਂ ਹਨ ਜਿੱਥੇ ਭਾਜਪਾ ਵੀ ਚੋਣ ਲੜਨਾ ਚਾਹੁੰਦੀ ਹੈ ਅਤੇ ਕੈਪਟਨ ਦੀ ਪਾਰਟੀ ਵੀ। ਸੂਤਰ ਦੱਸਦੇ ਹਨ ਕਿ ਦੋਵਾਂ ਆਗੂਆਂ ਨੇ ਇਨ੍ਹਾਂ ਸੀਟਾਂ ਨੂੰ ਲੈ ਕੇ ਰਾਇ ਬਣਾ ਲਈ ਹੈ। ਬੁੱਧਵਾਰ ਨੂੰ ਹੋਣ ਵਾਲੀ ਸੰਸਦੀ ਕਮੇਟੀ ਦੀ ਬੈਠਕ ਇਸ ਗੱਲ ਦਾ ਫੈਸਲਾ ਕਰੇਗੀ ਕਿ ਭਾਜਪਾ ਕਿਹੜੀ ਸੀਟ ‘ਤੇ ਚੋਣ ਲੜੇਗੀ ਤੇ ਸਹਿਯੋਗੀ ਕਿਸ ਸੀਟ ‘ਤੇ। ਅਜੇ ਤਕ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਵਿਚਾਲੇ ਸੀਟਾਂ ਨੂੰ ਲੈ ਕੇ ਅੰਤਿਮ ਫੈਸਲਾ ਨਹੀਂ ਲਿਆ ਜਾ ਸਕਿਆ ਕਿਉਂਕਿ ਕੈਪਟਨ ਵੀ ਕੋਰੋਨਾ ਪਾਜ਼ੇਟਿਵ ਆ ਗਏ ਸਨ।