ਦਿੱਲੀ ‘ਚ ਹੋਰ ਸਖ਼ਤ ਹੋਈਆਂ ਪਾਬੰਦੀਆਂ, ਸਾਰੇ ਪ੍ਰਾਈਵੇਟ ਦਫ਼ਤਰ ਬੰਦ ਕਰਨ ਦਾ ਆਦੇਸ਼

Corona Update Live : ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਦੇਸ਼ ਭਰ ਦੀ ਚਿੰਤਾ ਵਧਾ ਰੱਖੀ ਹੈ, ਪਰ ਖ਼ਾਸ ਤੌਰ ’ਤੇ ਦਿੱਲੀ ’ਚ ਹਾਲਾਤ ਬੇਹੱਦ ਖ਼ਰਾਬ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਥੇ ਲਗਾਤਾਰ 20 ਤੋਂ 22 ਹਜ਼ਾਰ ਤਕ ਨਵੇਂ ਮਾਮਲੇ ਰੋਜ਼ਾਨਾ ਆ ਰਹੇ ਹਨ ਅਤੇ ਪਾਜ਼ੇਟਿਵਿਟੀ ਰੇਟ ਵੀ 24-25 ਫ਼ੀਸਦੀ ਤਕ ਪਹੁੰਚ ਗਈ ਹੈ। ਪਰ ਦਿੱਲੀ ਸਰਕਾਰ ਕੰਪਲੀਟ ਲਾਕਡਾਊਨ ਨਹੀਂ ਲਗਾਉਣ ਜਾ ਰਹੀ ਹੈ। ਵੈਸੇ ਡੀਡੀਐੱਮਏ ਨੇ ਦਿੱਲੀ ’ਚ ਸਾਰੇ ਨਿੱਜੀ ਦਫ਼ਤਰਾਂ ਨੂੰ ਅਗਲੇ ਆਦੇਸ਼ ਤਕ ਬੰਦ ਕਰਨ ਦਾ ਸੁਝਾਅ ਦਿੱਤਾ ਹੈ। ਇਸਤੋਂ ਇਲਾਵਾ ਬਾਰ ਅਤੇ ਰੈਸਟੋਰੈਂਟ ਨੂੰ ਵੀ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ

ਦੂਜੇ ਪਾਸੇ, ਭਾਰਤ ‘ਚ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ ਓਮੀਕ੍ਰੋਨ ਸੰਕਰਮਣ ਦੇ 400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ, ਦੇਸ਼ ਵਿੱਚ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 4 ਹਜ਼ਾਰ ਨੂੰ ਪਾਰ ਕਰ ਗਈ ਹੈ। ਮੰਗਲਵਾਰ ਤਕ ਦੇਸ਼ ਵਿੱਚ ਓਮੀਕ੍ਰੋਨ ਦੇ 4,461 ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਵਿੱਚ ਸਾਹਮਣੇ ਆਏ ਹਨ। ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਹੁਣ ਦੇਸ਼ ਦੇ 28 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲ ਚੁੱਕਾ ਹੈ।

ਦਿੱਲੀ ‘ਚ ਸਖ਼ਤ ਹੋਈਆਂ ਪਾਬੰਦੀਆਂ

– ਡੀਡੀਐਮਏ ਨੇ ਦਿੱਲੀ ਵਿੱਚ ਡੀਡੀਐਮਏ (ਦਿੱਲੀ ਡਿਜ਼ਾਸਟਰ ਮੈਨੇਜਮੈਂਟ) ਦੀ ਅਹਿਮ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਇੱਕ ਰਸਮੀ ਹੁਕਮ ਜਾਰੀ ਕੀਤਾ ਹੈ।

ਇਸ ਹੁਕਮ ਅਨੁਸਾਰ –

– ਹੁਣ ਦਿੱਲੀ ਵਿੱਚ ਸਾਰੇ ਨਿੱਜੀ ਦਫ਼ਤਰ ਵੀ ਬੰਦ ਰਹਿਣਗੇ। ਸਿਰਫ਼ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ ਹੀ ਦਫ਼ਤਰ ਜਾ ਸਕਣਗੇ।

– ਜਿਨ੍ਹਾਂ ਨੂੰ ਛੋਟ ਦਿੱਤੀ ਗਈ ਹੈ, ਉਹ ਆਪਣਾ ਜਾਇਜ਼ ਪਛਾਣ ਪੱਤਰ ਦਿਖਾ ਕੇ ਹੀ ਦਫ਼ਤਰ ਜਾ ਸਕਣਗੇ।

– ਦਿੱਲੀ ਦੇ ਸਰਕਾਰੀ ਦਫ਼ਤਰ ਵੀ ਬੰਦ ਕਰ ਦਿੱਤੇ ਗਏ ਹਨ, ਸਿਰਫ਼ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਦਫ਼ਤਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

– ਰੈਸਟੋਰੈਂਟ ਅਤੇ ਬਾਰ ਵੀ ਦਿੱਲੀ ਵਿੱਚ ਬੰਦ ਰਹਿਣਗੇ, ਸਿਰਫ ‘ਟੇਕਵੇਅ’ ਜਾਂ ਹੋਮ ਡਿਲੀਵਰੀ ਸੇਵਾਵਾਂ ਦੀ ਆਗਿਆ ਦੇਣਗੇ।

– ਹੁਣ ਹਰ ਜ਼ੋਨ ਵਿੱਚ ਰੋਜ਼ਾਨਾ ਸਿਰਫ਼ ਇੱਕ ਹਫ਼ਤਾਵਾਰੀ ਬਾਜ਼ਾਰ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਯਾਨੀ ਇੱਕ ਜ਼ੋਨ ਵਿੱਚ ਸਿਰਫ਼ ਇੱਕ ਬਾਜ਼ਾਰ, ਉਹ ਵੀ ਇੱਕ ਸੁਰੱਖਿਅਤ ਥਾਂ ਜਿੱਥੇ ਜ਼ਿਆਦਾ ਭੀੜ ਨਾ ਹੋਵੇ।