ਕੈਨੇਡਾ ’ਚ ਕੋਰੋਨਾ ਮਰੀਜ਼ਾਂ ਨਾਲ ਨੱਕੋ-ਨੱਕ ਭਰੇ ਕਈ ਸੂਬਿਆਂ ਦੇ ਹਸਪਤਾਲ

ਔਟਵਾ- ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੌਨ ਨੇ ਦੁਨੀਆ ਭਰ ਵਿੱਚ ਤਹਿਲਕਾ ਮਚਾ ਦਿੱਤਾ ਹੈ।

ਇਸ ਦੇ ਮਰੀਜ਼ਾਂ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਕੈਨੇਡਾ ਵਿੱਚ ਵੀ ਕੋਰੋਨਾ ਦੇ ਰੋਜ਼ਾਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ।

ਇਸ ਕਾਰਨ ਦੇਸ਼ ਕਈ ਸੂਬਿਆਂ ਦੇ ਹਸਪਤਾਲ ਮਰੀਜ਼ਾਂ ਨਾਲ ਨੱਕੋ-ਨੱਕ ਭਰੇ ਹੋਏ ਨੇ। ਇਨ੍ਹਾਂ ਵਿੱਚੋਂ ਉਨਟਾਰੀਓ, ਨਿਊ ਬਰੰਸਵਿਕ ਤੇ ਕਿਊਬੈਕ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਜ਼ਿਆਦਾ ਭੀੜ ਲੱਗੀ ਹੋਈ ਹੈ।

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ ਥੈਰੇਸਾ ਟੈਮ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਮੀਕਰੌਨ ਦੇ ਕੇਸਾਂ ਵਿੱਚ ਵਾਧੇ ਕਾਰਨ ਕਈ ਸੂਬਿਆਂ ’ਚ ਮਰੀਜ਼ਾਂ ਨੂੰ ਹਸਪਤਾਲਾਂ ਤੇ ਆਈਸੀਯੂ ਵਿੱਚ ਭਰਤੀ ਕਰਾਉਣ ਦੀ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

ਉਨਟਾਰੀਓ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਇੱਥੇ 416 ਮਰੀਜ਼ਾਂ ਨੂੰ ਆਈਸੀਯੂ ਭਾਵ ਇਨਟੈਂਸਿਵ ਕੇਅਰ ਯੂਨਿਟ ਵਿੱਚ ਭਰਤੀ ਕਰਵਾਉਣਾ ਪਿਆ, ਜਦਕਿ ਇਸ ਤੋਂ ਇੱਕ ਦਿਨ ਪਹਿਲਾਂ ਇਹ ਗਿਣਤੀ 385 ’ਤੇ ਸੀ।