ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 5 ਜਨਵਰੀ ਨੂੰ ਗਠਿਤ ਤਿੰਨ ਮੈਂਬਰੀ ਟੀਮ ਨੇ ਜਾਂਚ ਤੇਜ਼ ਕਰਦੇ ਹੋਏ ਕਈ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਕੇਂਦਰ ਦੀ ਇਸ ਟੀਮ ਨੇ ਫ਼ਿਰੋਜ਼ਪੁਰ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਟੀਮ ਸਭ ਤੋਂ ਪਹਿਲਾਂ ਫਿਰੋਜ਼ਪੁਰ-ਮੋਗਾ ਹਾਈਵੇਅ ‘ਤੇ ਫਲਾਈਓਵਰ ‘ਤੇ ਪਹੁੰਚੀ, ਜਿੱਥੇ ਪੀਐਮ ਮੋਦੀ ਦੇ ਕਾਫ਼ਲੇ ਨੂੰ ਰੋਕਿਆ ਗਿਆ ਸੀ। ਨਿਊਜ਼ ਏਜੰਸੀ ਏਐਨਆਈ ਦੇ ਸੂਤਰਾਂ ਅਨੁਸਾਰ ਪੀਐਮ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਉਲੰਘਣਾ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਸੂਬੇ ਦੇ ਪੁਲਿਸ ਮੁਖੀ ਐਸ ਚਟੋਪਾਧਿਆਏ ਸਮੇਤ ਦਰਜਨ ਤੋਂ ਵੱਧ ਸੀਨੀਅਰ ਅਧਿਕਾਰੀਆਂ ਨੂੰ ਫਿਰੋਜ਼ਪੁਰ ਤਲਬ ਕੀਤਾ ਹੈ।
ਸੁਪਰੀਮ ਕੋਰਟ ਨੇ ਵੀ ਅੱਜ ਪੀਐਮ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ਦੀ ਸੁਣਵਾਈ ਕੀਤੀ। ਚੀਫ਼ ਜਸਟਿਸ ਐਨਵੀ ਰਮਨਾ, ਜਸਟਿਸ ਸੂਰਿਆ ਕਾਂਤ ਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਪੀਐਮ ਮੋਦੀ ਦੇ ਦੌਰੇ ਦਾ ਰਿਕਾਰਡ ਸੁਰੱਖਿਅਤ ਰੱਖਣ ਲਈ ਕਿਹਾ ਹੈ। ਅਦਾਲਤ ਨੇ ਪੀਐਮ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਸਬੰਧੀ ਸਾਰੇ ਸਬੂਤ ਇਕੱਠੇ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕੇਂਦਰ ਅਤੇ ਪੰਜਾਬ ਦੋਵਾਂ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ।