ਬੀਜਿੰਗ – ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ’ਚ ਆਬਾਦੀ ਦਾ ਸੰਕਟ ਡੂੰਘਾ ਹੋਣ ਦੇ ਸੰਕੇਤ ਮਿਲੇ ਹਨ। ਦਰਅਲ, 2020 ’ਚ ਦੇਸ਼ ਦੇ 10 ਸੂਬਿਆਂ ’ਚ ਜਨਮ ਦਰ ਇਕ ਫ਼ੀਸਦੀ ਤੋਂ ਵੀ ਘੱਟ ਰਹੀ।
ਚਾਈਨਾ ਸਟੈਟੇਸਟਿਕਲ ਈਅਰਬੁੱਕ-2021 ਮੁਤਾਬਕ, 2020 ’ਚ ਦੇਸ਼ ਦੀ ਜਨਮ ਦਰ ਪ੍ਰਤੀ 1000 ਲੋਕਾਂ ’ਤੇ 8.52 ਦਰਜ ਕੀਤੀ ਗਈ, ਜੋ 43 ਸਾਲਾਂ ’ਚ ਸਭ ਤੋਂ ਘੱਟ ਹੈ। ਆਬਾਦੀ ਦੀ ਕੁਦਰਤੀ ਵਾਧਾ ਦਰ ਪ੍ਰਤੀ 1000 ਲੋਕਾਂ ’ਤੇ 1.45 ਰਹੀ, ਜੋ ਸਾਲ 1978 ਤੋਂ ਬਾਅਦ ਸਭ ਤੋਂ ਘੱਟ ਹੋਣ ਦਾ ਰਿਕਾਰਡ ਹੈ। ਸਭ ਤੋਂ ਵੱਧ ਆਬਾਦੀ ਵਾਲੇ ਸੂਬਿਆਂ ’ਚ ਸ਼ਾਮਲ ਹੇਨਾਨ ’ਚ 1978 ਤੋਂ ਬਾਅਦ ਪਹਿਲੀ ਵਾਰ 10 ਲੱਖ ਤੋਂ ਘੱਟ ਬੱਚਿਆਂ ਦਾ ਜਨਮ ਹੋਇਆ
ਸਾਲ 2020 ਦੀ ਜਨਮ ਦਰ ਪ੍ਰਕਾਸ਼ਤ ਕਰਨ ਵਾਲੇ 14 ਸੂਬਿਆਂ ’ਚੋਂ ਸੱਤ ’ਚ ਹਾਲਾਂਕਿ ਜਨਮ ਦਰ ਕੌਮੀ ਔਸਤ ਤੋਂ ਵੱਧ ਰਹੀ। ਇਨ੍ਹਾਂ ’ਚ ਦੱਖਣੀ-ਪੱਛਮੀ ਗੁਈਝੋਓ ਸੂਬੇ ਤੇ ਗੁਆਂਗਸ਼ੀ ਜੁਆਂਗ ਖੇਤਰ ਸ਼ਾਮਲ ਹਨ। ਹਾਲਾਂਕਿ, ਪੂਰਬੀ ਜਿਆਂਗਸੂ ਸੂਬੇ ਵਰਗੇ ਕੁਝ ਵਿਕਸਿਤ ਖੇਤਰਾਂ ’ਚ ਜਨਮ ਦਰ ਕੌਮੀ ਪੱਧਰ ਤੋਂ ਹੇਠਾਂ ਰਹੀ, ਜੋ ਪ੍ਰਤੀ 1000 ਲੋਕਾਂ ’ਤੇ 6.66 ਹੈ। ਬੀਜਿੰਗ ਤੇ ਤਿਆਨਜਿਨ ’ਚ ਪ੍ਰਤੀ 1000 ਲੋਕਾਂ ’ਤੇ ਜਨਮ ਦਰ ਕ੍ਰਮਵਾਰ 6.98 ਤੇ 5.99 ਰਹੀ।
ਕੋਵਿਡ ਨੂੰ ਮੰਨਿਆ ਜਾਂਦਾ ਹੈ ਵੱਡਾ ਕਾਰਨ
ਚੀਨ ਦੀ ਰੇਨਮਿਨ ਯੂਨੀਵਰਸਿਟੀ ਦੇ ਜਨਸੰਖਿਆ ਤੇ ਵਿਕਾਸ ਅਧਿਐਨ ਕੇਂਦਰ ਦੇ ਸੋਂਗ ਜਿਆਨ ਨੇ ਕਿਹਾ ਕਿ ਕੋਵਿਡ-19 ਜਨਮ ਦਰ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ’ਚੋਂ ਇਕ ਹੈ। ਸੋਂਗ ਨੇ ਕਿਹਾ, ‘ਚੀਨ ਨੂੰ ਬੁੱਢੀ ਹੁੰਦੀ ਆਬਾਦੀ ਤੇ ਲੋਕਾਂ ਦੀ ਪਸੰਦ ’ਚ ਬਦਲਾਅ ਸਮੇਤ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਜਨਮ ਦਰ ’ਚ ਗਿਰਾਵਟ ਜਾਰੀ ਰਹੇਗੀ।’
ਰਿਹਾਇਸ਼ ਦੀ ਕਮੀ ਵੱਡਾ ਅੜਿੱਕਾ
ਕੁਝ ਮਾਹਿਰਾਂ ਨੇ ਦਾਅਵਾ ਕੀਤਾ ਕਿ 1990 ਤੋਂ ਬਾਅਦ ਪੈਦਾ ਹੋਏ ਬਹੁਤ ਸਾਰੇ ਲੋਕ ਰਿਹਾਇਸ਼ ਦੀ ਕਮੀ ਕਾਰਨ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਤੇ ਨਾ ਹੀ ਬੱਚੇ ਪੈਦਾ ਕਰਨਾ ਚਾਹੁੰਦੇ ਹਨ। ਉਹ ਕਹਿੰਦੇ ਹਨ ਕਿ ਸਰਕਾਰ ਨੂੰ ਨੌਜਵਾਨ ਜੋੜਿਆਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਾ ਚਾਹੀਦੀਆਂ ਹਨ।
ਲਿਆਉਣੀ ਪਈ ਤਿੰਨ ਬੱਚਿਆਂ ਦੀ ਨੀਤੀ
ਚੀਨ ਨੇ ਪਿਛਲੇ ਸਾਲ ਅਗਸਤ ’ਚ ਤਿੰਨ ਬੱਚਿਆਂ ਦੀ ਨੀਤੀ ਨੂੰ ਪ੍ਰਮੁੱਖਤਾ ਨਾਲ ਲਾਗੂ ਕੀਤਾ ਸੀ ਜਿਸ ਦਾ ਉਦੇਸ਼ ਆਬਾਦੀ ਸੰਕਟ ਨੂੰ ਦੂਰ ਕਰਨਾ ਹੈ। 2016 ’ਚ ਇਕ ਬੱਚੇ ਦੀ ਨੀਤੀ ਨੂੰ ਖ਼ਤਮ ਕਰਦੇ ਹੋਏ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਜਨਗਣਨਾ ਤੋਂ ਪਤਾ ਲੱਗਾ ਸੀ ਕਿ ਦੇਸ਼ ਦੀ ਆਬਾਦੀ ਸਭ ਤੋਂ ਹੌਲੀ ਰਫ਼ਤਾਰ ਨਾਲ ਵੱਧ ਕੇ 1.412 ਅਰਬ ਹੋ ਗਈ ਹੈ। ਇਸ ’ਚ 60 ਸਾਲ ਤੋਂ ਉਪਰ ਦੀ ਆਬਾਦੀ 26.40 ਕਰੋੜ ਹੈ।