ਵਿੰਡਸਰ ਦੇ ਆਟੋ ਪਲਾਂਟ ਲਈ ਵੱਡੇ ਨਿਵੇਸ਼ ਦਾ ਫੋਰਡ ਨੇ ਕੀਤਾ ਵਾਅਦਾ

ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਵਿੰਡਸਰ, ਓਨਟਾਰੀਓ ਦੇ ਆਟੋ ਅਸੈਂਬਲੀ ਪਲਾਂਟ ਲਈ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਵੱਲੋਂ ਵੱਡਾ ਨਿਵੇਸ਼ ਕੀਤਾ ਜਾਵੇਗਾ। ਇਹ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਕੰਪਨੀ ਵੱਲੋਂ ਸਿ਼ਫਟ ਵਿੱਚ ਕਟੌਤੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸ ਪਲਾਂਟ ਵਿੱਚ ਉਤਪਾਦਨ ਘਟਣ ਦਾ ਡਰ ਪੈਦਾ ਹੋ ਗਿਆ।
ਜਿ਼ਕਰਯੋਗ ਹੈ ਕਿ ਸਟੈਲੈਂਟਿਸ, ਜਿਸ ਨੂੰ ਪਹਿਲਾਂ ਫੀਏਟ ਕ੍ਰਾਈਸਲਰ ਆਟੋ ਮੋਬਾਈਲਜ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਨੇ ਪਿਛਲੇ ਹਫਤੇ ਆਪਣੇ ਵਿੰਡਸਰ ਅਸੈਂਬਲੀ ਪਲਾਂਟ ਵਿੱਚ ਇੱਕ ਸਿ਼ਫਟ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਸਿੱਧਾ ਮਤਲਬ 1800 ਕਰਮਚਾਰੀਆਂ ਦੀ ਛਾਂਗੀ ਹੋਣਾ ਸੀ।
ਕੰਪਨੀ ਨੇ ਆਖਿਆ ਕਿ ਉਨ੍ਹਾਂ ਨੂੰ ਅਜਿਹਾ ਕਦਮ ਆਟੋਮੋਟਿਵ ਇੰਡਸਟਰੀ ਨੂੰ ਦਰਪੇਸ਼ ਚੁਣੌਤੀਆਂ ਕਾਰਨ ਉਠਾਉਣਾ ਪੈਣਾ ਸੀ। ਕੰਪਨੀ ਨੇ ਆਖਿਆ ਕਿ ਸੈਮੀਕੰਡਕਟਰਜ਼ ਦੀ ਘਾਟ ਤੇ ਕੋਵਿਡ-19 ਦੇ ਚੱਲਦਿਆਂ ਉਨ੍ਹਾਂ ਕੋਲ ਆਉਣ ਵਾਲੇ ਸਮੇਂ ਵਿੱਚ ਕਰਮਚਾਰੀਆਂ ਦੀ ਛਾਂਗੀ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਸੀ ਬਚ ਰਿਹਾ।
ਫੋਰਡ ਨੇ ਸੋਮਵਾਰ ਨੂੰ ਆਖਿਆ ਕਿ ਉਹ ਇਸ ਪਲਾਂਟ ਉੱਤੇ ਤਿੰਨ ਸਿ਼ਫਟਾਂ ਵਿੱਚ ਕੰਮ ਹੁੰਦਾ ਵੇਖਣਾ ਚਾਹੁੰਦੇ ਹਨ ਤੇ ਉਹ ਸਟੇਲਾਂਟਿਸ ਦੀ ਲੀਡਰਸਿ਼ਪ ਨਾਲ ਇਸ ਨਿਵੇਸ਼ ਤੇ ਹੋਰ ਸੱਭ ਕਾਸੇ ਬਾਰੇ ਮੰਗਲਵਾਰ ਨੂੰ ਗੱਲ ਕਰਨਗੇ।ਪ੍ਰੀਮੀਅਰ ਵੱਲੋਂ ਇਸ ਨਿਵੇਸ਼ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ ਪਰ ਉਨ੍ਹਾਂ ਆਖਿਆ ਕਿ ਇਹ ਨਿਵੇਸ਼ ਦੋਵਾਂ ਸਰਕਾਰਾਂ ਵੱਲੋਂ ਹੋਣ ਕਾਰਨ ਕਈ ਮਿਲੀਅਨ ਡਾਲਰਜ਼ ਦਾ ਹੋ ਸਕਦਾ ਹੈ।