ਚੰਡੀਗਡ਼੍ਹ:ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਕਾਰਨ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕੇ ਜਾਣ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਘਰ ਆਏ ਮਹਿਮਾਨ ਦੀ ਬੇਇੱਜ਼ਤੀ ਨਹੀਂ ਕਰਦੇ। ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਲਈ ਉਹ ਆਪਣਾ ਖ਼ੂਨ ਡੋਲ੍ਹਣ ਲਈ ਵੀ ਤਿਆਰ ਹਨ। ਚੰਨੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ ਮੰਗੀ ਗਈ ਰਿਪੋਰਟ ਅਨੁਸਾਰ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਬੁੱਧਵਾਰ ਦੇਰ ਸ਼ਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਾ ਪੂਰਾ ਸਤਿਕਾਰ ਕਰਦੇ ਹਨ। ਲੋਕਤੰਤਰ ’ਚ ਚੁਣੀਆਂ ਸਰਕਾਰਾਂ ਮਿਲ ਕੇ ਚੱਲਦੀਆਂ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੋਈ ਕੁਤਾਹੀ ਨਹੀਂ ਹੋਈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਆਮਦ ਨੂੰ ਲੈ ਕੇ ਪਿਛਲੇ ਪੰਜ ਦਿਨਾਂ ਤੋ ਐੱਸਪੀਜੀ, ਆਈਬੀ ਸਮੇਤ ਹੋਰ ਸੁਰੱਖਿਆ ਏਜੰਸੀਆਂ ਸਰਗਰਮ ਸਨ। ਪੰਜਾਬ ਪੁਲਿਸ ਦੀ ਕੋਈ ਵੱਡੀ ਭੂਮਿਕਾ ਨਹੀਂ ਸੀ। ਉਨ੍ਹਾਂ ਕਿਹਾ ਕਿ ਰਾਤ ਤਿੰਨ ਵਜੇ ਤਕ ਸਾਰੀਆਂ ਸਡ਼ਕਾਂ ਕਲੀਅਰ ਕਰ ਦਿੱਤੀਆਂ ਸਨ। ਇੱਥੋਂ ਤਕ ਕਿ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਰਾਤੀਂ ਕਿਸਾਨਾਂ ਨਾਲ ਗੱਲਬਾਤ ਵੀ ਕਰਵਾ ਦਿੱਤੀ ਗਈ ਸੀ। ਪਰ ਅੱਜ ਕੁਝ ਕਿਸਾਨਾਂ ਨੇ ਅਚਾਨਕ ਧਰਨਾ ਦੇ ਦਿੱਤਾ। ਇਸ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਅਚਾਨਕ ਕੋਈ ਧਰਨਾ ਲਾ ਦੇਵੇ ਤਾਂ ਉਨ੍ਹਾਂ ਨੂੰ ਮਨਾਉਣ ਲਈ ਕੁਝ ਸਮਾਂ ਤਾਂ ਲਗਦਾ ਹੈ, ਪਰ ਪ੍ਰਧਾਨ ਮੰਤਰੀ ਨੇ ਕੁਝ ਮਿੰਟਾਂ ਬਾਅਦ ਵਾਪਸ ਮੁਡ਼ਨ ਦਾ ਫ਼ੈਸਲਾ ਕਰ ਲਿਆ । ਚੰਨੀ ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਆਏ ਚਿੱਠੀ ਪੱਤਰ ਦਿਖਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦਾ ਸਡ਼ਕ ਦਾ ਕੋਈ ਰੂਟ ਨਹੀਂ ਸੀ। ਇੱਥੋਂ ਤਕ ਕਿ ਹੈਲੀਕਾਪਟਰ ’ਚ ਚਾਰ ਸੀਟਾਂ ਹੋਣ ਅਤੇ ਪ੍ਰਧਾਨ ਮੰਤਰੀ ਦੇ ਨਾਲ ਬੈਠਣ ਨੂੰ ਲੈ ਕੇ ਸਾਰਾ ਕੁਝ ਪ੍ਰਧਾਨ ਮੰਤਰੀ ਦਫ਼ਤਰ ਤੋਂ ਤੈਅ ਹੋਇਆ ਸੀ। ਫਿਰੋਜ਼ਪੁਰ ’ਚ ਤਿੰਨ ਹੈਲੀਪੈਡ ਬਣਾਏ ਗਏ। ਫਿਰ ਵੀ ਮੌਸਮ ਦੀ ਖ਼ਰਾਬੀ ਜਾਂ ਕਿਸੇ ਹੋਰਨਾਂ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਦੇ ਅਮਲੇ ਨੇ ਖ਼ੁਦ ਸਡ਼ਕੀ ਰਸਤਾ ਚੁਣਿਆ। ਫਿਰ ਵੀ ਜੇਕਰ ਅਚਾਨਕ ਕੁਝ ਕਿਸਾਨਾਂ ਨੇ ਰਸਤਾ ਰੋਕ ਲਿਆ ਤਾਂ ਕਿਸਾਨਾਂ ਨੂੰ ਸਮਝਾਉਣ ਲਈ ਕੁਝ ਸਮਾਂ ਤਾਂ ਲੱਗਣਾ ਹੀ ਸੀ। ਉਹ ਆਪਣੇ ਸੂਬੇ ਦੇ ਕਿਸਾਨਾਂ ’ਤੇ ਗੋਲ਼ੀਆਂ /ਲਾਠੀਆਂ ਨਹੀਂ ਚਲਾ ਸਕਦੇ। ਚੰਨੀ ਨੇ ਕਿਹਾ ਕਿ ਇਕ ਸਾਲ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਰਹੇ, ਕੀ ਇਸ ਨਾਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੋਇਆ? ਮੁੱਖ ਮੰਤਰੀ ਨੇ ਕਿਹਾ ਕਿ ਰਾਤ ਪੌਣੇ ਦੋ ਵਜੇ ਉਨ੍ਹਾਂ ਖ਼ੁਦ ਆਈਬੀ ਦੇ ਡਾਇਰੈਕਟਰ ਨੂੰ ਫੋਨ ਕੀਤਾ ਸੀ ਅਤੇ ਸਵੇਰੇ ਸਾਢੇ ਛੇ ਵਜੇ ਡਾਇਰੈਕਟਰ ਨੇ ਸਭ ਕੁਝ ਠੀਕ ਹੋਣ ਦੀ ਗੱਲ ਕਹੀ ਸੀ।
ਚੰਨੀ ਨੇ ਅਹਿਮ ਖ਼ੁਲਾਸਾ ਕੀਤਾ ਕਿ ਡੀਜੀਪੀ ਪੰਜਾਬ ਨੇ ਮੌਸਮ ਖ਼ਰਾਬ ਹੋਣ (ਬਰਸਾਤ) ਅਤੇ ਵਿਰੋਧ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਪ੍ਰੋਗਰਾਮ ਰੱਦ ਕਰਨ ਦਾ ਸੁਝਾਅ ਦਿੱਤਾ ਸੀ, ਪਰ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਜਾਰੀ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਚੋਣਾਂ ਦੇ ਸਮੇਂ ਅਜਿਹੇ ਧਰਨੇ ਪ੍ਰਦਰਸ਼ਨ ਅਕਸਰ ਹੀ ਵੱਧ ਜਾਂਦੇ ਹਨ। ਇੱਥੋਂ ਤਕ ਕਿ ਉਨ੍ਹਾਂ ਦੇ ਦੌਰਿਆਂ ਦੌਰਾਨ ਕਈ ਵਾਰ ਪ੍ਰਦਰਸ਼ਨਕਾਰੀ ਸਡ਼ਕਾਂ ’ਤੇ ਆ ਜਾਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਖ਼ਤਰੇ ਨਾਲ ਜੋਡ਼ਨ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਭਾਜਪਾ ਆਗੂਆਂ ਨੂੰ ਬਿਨਾਂ ਵਜ੍ਹਾ ਸੁਰੱਖਿਆ ਦਾ ਮੁੱਦਾ ਬਣਾਕੇ ਸਬੰਧ ਖ਼ਰਾਬ ਨਾ ਕਰਨ ਦੀ ਅਪੀਲ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਦੇ ਸਵਾਲ ’ਤੇ ਚੰਨੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਰਾਜ ਲਾਏ ਜਾਣ ਤੋਂ ਨਹੀਂ ਡਰਦੇ। ਵੈਸੇ ਵੀ ਕੁਝ ਦਿਨਾਂ ਤਕ ਚੋਣ ਜ਼ਾਬਤਾ ਲੱਗ ਹੀ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਦਭਾਵਨਾ ਬਣੀ ਰਹਿਣੀ ਚਾਹੀਦੀ ਹੈ।
ਗ੍ਰਹਿ ਮੰਤਰੀ ਦਾ ਫੋਨ ਆਇਆ ਸੀ
ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਕਿਸੇ ਭਾਜਪਾ ਆਗੂ ਦਾ ਫੋਨ ਨਹੀਂ ਆਇਆ ਬਲਕਿ ਗ੍ਰਹਿ ਮੰਤਰੀ ਦਾ ਫੋਨ ਆਇਆ ਸੀ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਵਾਪਸ ਮੁਡ਼ਨ ਦੀ ਗੱਲ ਕਹੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਅਧਿਕਾਰੀ ਖ਼ਿਲਾਫ਼ ਅਜੇ ਕੋਈ ਕਾਰਵਾਈ ਨਹੀਂ ਹੋਈ। ਜੇਕਰ ਜਾਂਚ ਦੀ ਗੱਲ ਹੋਈ ਤਾਂ ਜਾਂਚ ਕਰਵਾਉਣ ਨੂੰ ਤਿਆਰ ਹਾਂ।