ਨਵੀਂ ਦਿੱਲੀ : ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਵੀਕੈਂਡ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਸਰਕਾਰ ਵੱਲੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਇਨ੍ਹੀਂ ਦਿਨੀਂ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਯੈਲੋ ਅਲਰਟ ਦੇ ਹਿਸਾਬ ਨਾਲ ਕੰਮ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਹੋਈ ਡੀਡੀਐੱਮਏ ਦੀ ਬੈਠਕ ’ਚ ਹੋਰ ਪਾਬੰਦੀਆਂ ’ਤੇ ਵੀ ਚਰਚਾ ਕੀਤੀ ਗਈ। ਇਸਦੇ ਤਹਿਤ ਹੁਣ ਸਰਕਾਰੀ ਦਫ਼ਤਰਾਂ ’ਚ ਵਰਕ ਫਰਾਮ ਹੋਮ ਲਾਗੂ ਹੋਵੇਗਾ। ਸਿਰਫ਼ ਲਾਜ਼ਮੀ ਸੇਵਾਵਾਂ ਦੇ ਦਫ਼ਤਰ ਖੁੱਲ੍ਹ ਰਹਿਣਗੇ। ਦਿੱਲੀ ’ਚ ਪ੍ਰਾਈਵੇਟ ਦਫ਼ਤਰਾਂ ’ਚ 50 ਫ਼ੀਸਦ ਸਟਾਫ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ।
ਦੂਜੇ ਪਾਸੇ, ਉਪ ਰਾਜਪਾਲ ਅਨਿਲ ਬੈਜਲ ਨੇ ਸਖ਼ਤ ਪਾਬੰਦੀਆਂ ਲਾਗੂ ਕਰਨ ਲਈ ਮੰਗਲਵਾਰ ਨੂੰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੀ ਮੀਟਿੰਗ ਬੁਲਾਈ ਸੀ। ਇਸ ਬੈਠਕ ‘ਚ ਰਾਜਧਾਨੀ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ। ਸਮੀਖਿਆ ਤੋਂ ਬਾਅਦ ਕੁਝ ਚੀਜ਼ਾਂ ਤੈਅ ਕੀਤੀਆਂ ਗਈਆਂ। ਬੈਠਕ ‘ਚ ਰਾਜਧਾਨੀ ‘ਚ ਸਖਤ ਨਿਯਮ ਲਾਗੂ ਕਰਨ ‘ਤੇ ਵੀ ਵਿਚਾਰ ਕੀਤਾ ਗਿਆ, ਜਿਸ ਤਹਿਤ ਸ਼ਨੀਵਾਰ ਨੂੰ ਕਰਫਿਊ ਲਾਗੂ ਕਰਨ ‘ਤੇ ਸਹਿਮਤੀ ਬਣੀ।
ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਹੁਣ ਸਰਕਾਰੀ ਦਫਤਰ 50 ਫੀਸਦੀ ਸਟਾਫ ਨਾਲ ਕੰਮ ਕਰਨਗੇ। ਇਸ ਤੋਂ ਪਹਿਲਾਂ 29 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਡੀਡੀਐਮਏ ਨੇ ਯੈਲੋ ਅਲਰਟ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਇਸ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ।
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇੱਕ ਸਮੱਸਿਆ ਇਹ ਵੀ ਸੀ ਕਿ ਬੱਸ ਅੱਡਿਆਂ, ਮੈਟਰੋ ਸਟੇਸ਼ਨਾਂ ਦੇ ਸੁਪਰ ਸਪ੍ਰੈਡਰ ਬਣਨ ਦੇ ਸੰਕੇਤ ਦਿਖਾਈ ਦੇ ਰਹੇ ਹਨ। ਇੱਥੇ ਲੰਬੀਆਂ ਲਾਈਨਾਂ ਲੱਗ ਗਈਆਂ। ਉਨ੍ਹਾਂ ਦੱਸਿਆ ਕਿ ਬੱਸਾਂ ਅਤੇ ਮੈਟਰੋ ਪੂਰੀ ਸਮਰੱਥਾ ਨਾਲ ਚੱਲਣਗੀਆਂ ਪਰ ਕਿਸੇ ਨੂੰ ਵੀ ਬਿਨਾਂ ਮਾਸਕ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੈਟਰੋ ਅਤੇ ਬੱਸ ‘ਚ ਬਿਨਾਂ ਮਾਸਕ ਦੇ ਸਫਰ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAPE) ਦੇ ਤਹਿਤ ਸੋਮਵਾਰ ਨੂੰ ਛੇ ਫੀਸਦੀ ਸੰਕਰਮਣ ਦਰ ਅਤੇ ਚਾਰ ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਦਰਜ ਹੋਣ ਤੋਂ ਬਾਅਦ ਰਾਜਧਾਨੀ ਹੁਣ ਰੈੱਡ ਅਲਰਟ ਦੀ ਸਥਿਤੀ ‘ਤੇ ਪਹੁੰਚ ਗਈ ਹੈ। ਗ੍ਰੇੇਪ ਦੇ ਤਹਿਤ, ਇੱਕ ਰੈੱਡ ਅਲਰਟ ਜਾਰੀ ਕੀਤਾ ਜਾ ਸਕਦਾ ਹੈ ਜੇਕਰ ਲਾਗ ਦੀ ਦਰ ਲਗਾਤਾਰ ਦੋ ਦਿਨਾਂ ਤੱਕ ਪੰਜ ਪ੍ਰਤੀਸ਼ਤ ਤੋਂ ਵੱਧ ਜਾਂਦੀ ਹੈ।