ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਜ਼ਰੂਰੀ ਖਬਰ, ਭਗਦੜ ‘ਚ ਹੋਈਆਂ 12 ਮੌਤਾਂ ਤੋਂ ਬਾਅਦ ਸ਼੍ਰਾਈਨ ਬੋਰਡ ਨੇ ਲਿਆ ਵੱਡਾ ਫ਼ੈਸਲਾ

ਕਟੜਾ : ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਭਗਦੜ ਤੋਂ ਇਕ ਦਿਨ ਬਾਅਦ ਅਧਿਕਾਰੀਆਂ ਨੇ ਐਤਵਾਰ ਨੂੰ ਸੁਰੱਖਿਆ ਮੁਲਾਜ਼ਮਾਂ ਦੀ ਪੂਰੀ ਤਾਇਨਾਤੀ ਦੇ ਨਾਲ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਅਤੇ ਮੰਦਰ ਕੰਪਲੈਕਸ ‘ਚ ਭੀੜ ਨੂੰ ਰੋਕਣ ਲਈ ਕਈ ਕਦਮ ਚੁੱਕਣ ਦਾ ਐਲਾਨ ਕੀਤਾ। ਬੋਰਡ ਨੇ ਫੈਸਲਾ ਕੀਤਾ ਹੈ ਕਿ ਯਾਤਰਾ ਲਈ ਬੁਕਿੰਗ ਸਿਰਫ ਆਨਲਾਈਨ ਹੀ ਕੀਤੀ ਜਾ ਸਕੇਗੀ। ਨਾਲ ਹੀ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਇੱਥੇ ਆਉਣ ਦਾ ਸਿਲਸਿਲਾ ਜਾਰੀ ਹੈ।

ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੱਲੋਂ ਗਠਿਤ ਉੱਚ ਪੱਧਰੀ ਜਾਂਚ ਕਮੇਟੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਆਮ ਲੋਕਾਂ ਨੂੰ ਘਟਨਾ ਬਾਰੇ ਵੀਡੀਓ, ਬਿਆਨ ਜਾਂ ਕੋਈ ਹੋਰ ਸਬੂਤ ਸਾਂਝਾ ਕਰਨ ਦੀ ਅਪੀਲ ਕੀਤੀ। ਸਿਨਹਾ ਨੇ ਐਤਵਾਰ ਨੂੰ ਇੱਥੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੀਟਿੰਗ ਇੱਥੇ ਰਾਜ ਭਵਨ ‘ਚ ਹੋਈ ਅਤੇ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਸਨ।