ਯੁੱਧਗ੍ਰਸਤ ਦੇਸ਼ਾਂ ‘ਚ ਬੱਚਿਆਂ ਦੀ ਸਥਿਤੀ ‘ਤੇ UNICEF ਨੇ ਪ੍ਰਗਟਾਈ ਚਿੰਤਾ, ਕਿਹਾ- ਸੰਘਰਸ਼ ‘ਚ ਬੱਚਿਆਂ ਖਿਲਾਫ ਗੰਭੀਰ ਉਲੰਘਣਾ ਦੇ ਮਾਮਲੇ ਵਧੇ

ਨਿਊਯਾਰਕ : ਯੂਨੀਸੈਫ ਨੇ ਵਿਸ਼ਵ ‘ਚ ਵਧ ਰਹੇ ਤਣਾਅ ਦੌਰਾਨ ਬੱਚਿਆਂ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਸੰਗਠਨ ਨੇ 2021 ਦੌਰਾਨ ਹੋਏ ਸਸ਼ਤਰ ਸੰਘਰਸ਼, ਅੰਤਰ-ਫ਼ਿਰਕੂ ਹਿੰਸਾ ਤੇ ਅਸੁਰੱਖਿਆ ਦੇ ਚੱਲਦੇ ਵੱਡੀ ਗਿਣਤੀ ‘ਚ ਪ੍ਰਭਾਵਿਤ ਹੋਏ ਬੱਚਿਆਂ ਦੀ ਗਿਣਤੀ ਸਬੰਧੀ ਚਿਤਾਵਨੀ ਵੀ ਜਾਰੀ ਕੀਤੀ ਹੈ।

ਬੱਚਿਆਂ ਪ੍ਰਤੀ ਹਿੰਸਾ ‘ਤੇ ਰੋਸ

ਅਫ਼ਗਾਨਿਸਤਾਨ, ਯਮਨ, ਸੀਰੀਆ ਤੇ ਉੱਤਰੀ ਇਥੋਪੀਆ ਵਰਗੇ ਦੇਸ਼ਾਂ ‘ਚ ਸੰਘਰਸ਼ ਦੌਰਾਨ ਬੱਚਿਆਂ ਨੂੰ ਲੈ ਕੇ ਹੋਈ ਹਿੰਸਾ ‘ਤੇ ਯੂਨੀਸੈਫ ਨੇ ਰੋਸ ਜ਼ਾਹਿਰ ਕੀਤਾ ਹੈ। ਪਿਛਲੇ ਹਫ਼ਤੇ ਹੀ ਪੂਰਬੀ ਮਿਆਂਮਾਰ ਦੇ ਕਾਇਆ ‘ਚ ਹੋਏ ਇਕ ਹਮਲੇ ‘ਚ ਚਾਰ ਬੱਚੇ ਕਥਿਤ ਤੌਰ ‘ਤੇ 35 ਲੋਕ ਮਾਰੇ ਗਏ ਸਨ। ਇਕ ਬਿਆਨ ‘ਚ, ਯੂਨੀਸੈਫ ਦੇ ਕਾਰਜਕਾਰੀ ਨਿਰਦੇਸ਼ਕ ਹੈਨਰੀਟਾ ਫੋਰ ਨੇ ਕਿਹਾ ਕਿ ਸਾਲ ਦਰ ਸਾਲ, ਸੰਘਰਸ਼ ਦੇ ਪੱਖ ਧਰ ਬੱਚਿਆਂ ਦੇ ਅਧਿਕਾਰਾਂ ਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਨਕਾਰਾਤਮਕ ਰੁਖ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੱਚੇ ਪੀੜਤ ਹਨ ਤੇ ਇਸ ਬੇਰੁਖੀ ਕਾਰਨ ਉਹ ਮਰ ਰਹੇ ਹਨ। ਬੱਚਿਆਂ ਨੂੰ ਨੁਕਸਾਨ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਅਗਵਾ ਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਧੇ

ਸੰਯੁਕਤ ਰਾਸ਼ਟਰ ਅਨੁਸਾਰ, ਸਾਲ 2020 ‘ਚ ਬੱਚਿਆਂ ਖਿਲਾਫ ਕੁੱਲ 26,425 ਗੰਭੀਰ ਉਲੰਘਣਾਵਾਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਸਾਲ 2021 ਦੇ ਅੰਕੜੇ ਅਜੇ ਉਪਲਬਧ ਨਹੀਂ ਹਨ ਜਿਸ ਕਾਰਨ ਫਿਲਹਾਲ ਕੋਈ ਸਹੀ ਅੰਕੜਾ ਨਹੀਂ ਦੱਸਿਆ ਜਾ ਸਕਦਾ। 2021 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਬੱਚਿਆਂ ਖਿਲਾਫ਼ ਗੰਭੀਰ ਉਲੰਘਣਾ ਦੇ ਮਾਮਲਿਆਂ ਦੀ ਕੁੱਲ ਗਿਣਤੀ ‘ਚ ਮਾਮੂਲੀ ਗਿਰਾਵਟ ਆਈ ਹੈ। ਪਰ ਅਗਵਾ ਤੇ ਜਬਰ ਜਨਾਹ ਦੇ ਪੁਸ਼ਟ ਕੀਤੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਜਾਰੀ ਹੈ।

ਅਫਰੀਕੀ ਦੇਸ਼ਾਂ ‘ਚ ਸਥਿਤੀ ਗੰਭੀਰ

ਪੂਰਬੀ ਅਫ਼ਰੀਕੀ ਦੇਸ਼ ਸੋਮਾਲੀਆ ਤੋਂ ਸਭ ਤੋਂ ਵੱਧ ਬੱਚੇ ਅਗਵਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕਾਂਗੋ, ਚਾਡ, ਨਾਈਜੀਰੀਆ, ਕੈਮਰੂਨ ਤੇ ਨਾਈਜਰ ਵਰਗੇ ਦੇਸ਼ਾਂ ‘ਚ ਅਗਵਾ ਦੇ ਮਾਮਲੇ ਸਾਹਮਣੇ ਆਏ। ਦੂਜੇ ਪਾਸੇ, ਕਾਂਗੋ ਗਣਰਾਜ, ਸੋਮਾਲੀਆ ਤੇ ਮੱਧ ਅਫਰੀਕਾ ਵਿੱਚ ਜਿਨਸੀ ਹਿੰਸਾ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ।