ਰਾਜਸਥਾਨ ’ਚ ਓਮੀਕ੍ਰੋਨ ਨਾਲ ਪਹਿਲੀ ਮੌਤ, ਇਕ ਦਿਨ ਪਹਿਲਾਂ ਹੀ ਆਈ ਸੀ ਕੋਰੋਨਾ ਨੈਗੇਟਿਵ ਹੋਣ ਦੀ ਰਿਪੋਰਟ

ਓਦੈਪੁਰ : ਰਾਜਸਥਾਨ ਦੇ ਓਦੈਪੁਰ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਪਹਿਲੀ ਮੌਤ ਹੋਈ ਹੈ। ਐੱਮਬੀ ਹਸਪਤਾਲ ’ਚ ਭਰਤੀ 73 ਸਾਲਾ ਬਜ਼ੁਰਗ ਨੇ ਸ਼ੁੱਕਰਵਾਰ ਭਾਵ ਅੱਜ ਸਵੇਰੇ ਦਮ ਤੋਡ਼ ਦਿੱਤਾ। ਓਮੀਕ੍ਰੋਨ ਤੋਂ ਸੰਕ੍ਰਮਿਤ ਹੋਣ ਤੋਂ ਬਾਅਦ ਇਹ ਪ੍ਰਦੇਸ਼ ’ਚ ਪਹਿਲੀ ਤੇ ਦੇਸ਼ ’ਚ ਦੂਸਰੀ ਮੌਤ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਇਕ ਵਿਅਕਤੀ ਦੀ ਵੀਰਵਾਰ ਨੂੰ ਓਮੀਕ੍ਰੋਨ ਨਾਲ ਮੌਤ ਹੋ ਗਈ ਸੀ।

ਉਦੈਪੁਰ ਦੇ ਮੁੱਖ ਸਿਹਤ ਤੇ ਮੈਡੀਕਲ ਅਫਸਰ ਡਾਕਟਰ ਦਿਨੇਸ਼ ਖਰਦੀ ਨੇ ਓਮੀਕ੍ਰੋਨ ਸੰਕ੍ਰਮਿਤ ਬਜ਼ੁਰਗ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਉਸਨੇ ਕਿਹਾ ਕਿ ਉਸਦੀ ਮੌਤ ਪੋਸਟ ਕੋਵਿਡ ਨਿਮੋਨੀਆ ਕਾਰਨ ਹੋਈ ਹੈ। ਮਰੀਜ਼ ਸ਼ੂਗਰ ਅਤੇ ਹਾਈਪਰਟੈਨਸ਼ਨ ਤੋਂ ਵੀ ਪੀੜਤ ਸੀ। ਓਮੀਕਰੋਨ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਉਸ ਨੂੰ ਪਿਛਲੇ ਹਫਤੇ ਐਮਬੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਹਾਲਤ ਗੰਭੀਰ ਸੀ।

ਐਮਬੀ ਹਸਪਤਾਲ ਦੇ ਸੁਪਰਡੈਂਟ ਆਰਐਲ ਸੁਮਨ ਦਾ ਕਹਿਣਾ ਹੈ ਕਿ ਉਹ 15 ਦਸੰਬਰ ਤੋਂ ਇਲਾਜ ਅਧੀਨ ਸੀ ਅਤੇ 25 ਦਸੰਬਰ ਨੂੰ ਉਸ ਦੇ ਓਮੀਕਰੋਨ ਸੰਕਰਮਿਤ ਪਾਏ ਜਾਣ ਦੀ ਰਿਪੋਰਟ ਮਿਲੀ ਸੀ। ਉਸ ਵਿੱਚ ਉਹੀ ਲੱਛਣ ਸਨ ਜੋ ਆਮ ਤੌਰ ‘ਤੇ ਇੱਕ ਕਰੋਨਾ ਪਾਜ਼ੇਟਿਵ ਮਰੀਜ਼ ਵਿੱਚ ਹੁੰਦੇ ਹਨ। ਡਾਕਟਰ ਖਰੜੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਬਜ਼ੁਰਗ ਦੀ ਕਿਸੇ ਵੀ ਤਰ੍ਹਾਂ ਨਾਲ ਕੋਈ ਯਾਤਰਾ ਅਤੇ ਕੰਟਰੈਕਟ ਹਿਸਟਰੀ ਨਹੀਂ ਸੀ। ਉਸ ਦੀ ਰਿਪੋਰਟ ਇੱਕ ਦਿਨ ਪਹਿਲਾਂ ਨੈਗੇਟਿਵ ਆਈ ਸੀ।