ਪਟਿਆਲਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਂਤੀ ਮਾਰਚ ‘ਚ ਸ਼ਾਮਲ ਹੋਣ ਲਈ ਸ਼ੇਰਾਂ ਵਾਲਾ ਗੇਟ ਵਿਖੇ ਪਹੁੰਚ ਗਏ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਅੱਜ ਪਟਿਆਲਾ ਵਿੱਚ ਸ਼ਾਂਤੀ ਮਾਰਚ ਕੱਢਿਆ ਜਾਵੇਗਾ ਜਿਸ ਲਈ ਸਿਹਤ ਤੇ ਸ਼ੇਰਾਂਵਾਲਾ ਗੇਟ ਵਿੱਚ ਆਮ ਆਦਮੀ ਪਾਰਟੀ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪਾਰਟੀ ਵਰਕਰ ਪਹੁੰਚ ਗਏ ਹਨ। ਸ਼ਾਂਤੀ ਮਾਰਚ ਕੇਜਰੀਵਾਲ ਦੀ ਅਗਵਾਈ ਹੇਠ ਸ਼ੇਰਾਂਵਾਲਾ ਗੇਟ ਤੋਂ ਸ਼ੁਰੂ ਹੁੰਦਾ ਹੋਇਆ ਲੀਲਾ ਭਵਨ ਪੁੱਜੇਗਾ। ਇਸ ਮਾਰਚ ਨੂੰ ਲੈ ਕੇ ਸ਼ੇਰਾਂਵਾਲਾ ਗੇਟ ਤੋਂ ਸ਼ਹਿਰ ‘ਚ ਦਾਖਲ ਹੋਣ ਵਾਲੀ ਸੜਕ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਆਉਣ ਵਾਲੀਆਂ ਹਨ, ਪੰਜਾਬ ‘ਚ ਚੋਣਾਂ ਤੋ ਪਹਿਲਾਂ ਮਾੜੀਆਂ ਹਰਕਤਾਂ ਸ਼ੁਰੂ ਹੋ ਗਈਆਂ। ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ‘ਚ ਬੇਅਦਬੀ ਵਾਲਾ ਫੜਿਆ ਨਹੀਂ ਗਿਆ, ਲੁਧਿਆਣਾ ਬੰਬ ਧਮਾਕੇ ਦਾ ਮਾਸਟਰ ਮਾਈਂਡ ਨਹੀਂ ਫੜਿਆ ਗਿਆ, ਹੁਣ ਪੰਜਾਬ ਦਾ ਆਮ ਆਦਮੀ ਹੀ ਪੰਜਾਬ ਨੂੰ ਬਚਾਅ ਸਕਦਾ ਹੈ। ਅੱਜ ਹਜ਼ਾਰਾਂ ਦਾ ਇਕੱਠ ਪੰਜਾਬ ਦੇ ਦੁਸ਼ਮਨਾਂ ਨੂੰ ਦੱਸ ਰਿਹਾ ਹੈ ਕਿ ਪੰਜਾਬ ਦਾ ਭਾਈਚਾਰਾ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਕਾਂਗਰਸ ਦੀ ਸਰਕਾਰ ਸਭ ਤੋਂ ਕਮਜ਼ੋਰ ਸਰਕਾਰ ਹੈ ਜੋ ਮੁੱਖ ਮੰਤਰੀ ਦੀ ਕੁਰਸੀ ਲਈ ਲੜ ਰਹੀ ਹੈ। ਹੁਣ ਪੰਜਾਬ ‘ਚ ਇਮਾਨਦਾਰ ਸਰਕਾਰ ਲਿਆਉਣੀ ਹੈ ਤੇ ਲੋਕਾਂ ਦੇ ਕਹੇ ਅਨੁਸਾਰ ਹੀ ਕੰਮ ਹੋਵੇਗਾ।