ਸੀਟਾਂ ਦੀ ਵੰਡ ‘ਤੇ ਭਾਜਪਾ ਗਠਜੋੜ ਦੋ-ਤਿੰਨ ਦਿਨਾਂ ‘ਚ ਲਵੇਗਾ ਫ਼ੈਸਲਾ

ਨਵੀਂ ਦਿੱਲੀ : Punjab Assembly Election 2022 : ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਇਨਸਾਫ਼ ਪਾਰਟੀ ਤੇ ਅਕਾਲੀ ਦਲ ਦੇ ਸਾਬਕਾ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਨਾਲ ਗਠਜੋੜ ਕੀਤਾ ਹੈ। ਪਾਰਟੀਆਂ ਵਿਚਕਾਰ ਟਿਕਟ ਵੰਡ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅੱਜ ਕਿਹਾ ਕਿ ਜਿੱਤ ਦੇ ਮਾਪਦੰਡ ਦੇ ਆਧਾਰ ‘ਤੇ ਸੀਟਾਂ ਦੀ ਵੰਡ ‘ਤੇ ਫ਼ੈਸਲਾ ਦੋ-ਤਿੰਨ ਦਿਨਾਂ ‘ਚ ਹੋ ਜਾਵੇਗਾ।

ਏਐਨਆਈ ਨਾਲ ਗੱਲਬਾਤ ਕਰਦਿਆਂ ਸੋਮ ਪ੍ਰਕਾਸ਼ ਨੇ ਕਿਹਾ, ”ਸੀਟਾਂ ਦੀ ਵੰਡ ਬਾਰੇ ਫੈਸਲਾ ਸ਼ਾਇਦ ਅਗਲੇ ਦੋ-ਤਿੰਨ ਦਿਨਾਂ ‘ਚ ਲਿਆ ਜਾਵੇਗਾ। ਸਾਡੀ ਪਾਰਟੀ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ। ਸਾਡਾ ਗਠਜੋੜ ਸਾਰੀਆਂ ਸੀਟਾਂ ‘ਤੇ ਚੋਣ ਲੜੇਗਾ। ਭਾਜਪਾ, ਕੈਪਟਨ ਅਮਰਿੰਦਰ ਸਿੰਘ ਦੀ ਲੋਕ ਕਾਂਗਰਸ ਪਾਰਟੀ ਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੀ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਸੀਟਾਂ ਦੀ ਵੰਡ ਬਾਰੇ ਫੈਸਲਾ ਕਰੇਗੀ। ਸੀਟਾਂ ਦੀ ਵੰਡ ਦਾ ਇੱਕੋ ਇੱਕ ਮਾਪਦੰਡ ਜਿੱਤ ਹੈ।’

ਮਾਝੇ ਤੇ ਦੁਆਬੇ ‘ਚ ਭਾਜਪਾ ਵੱਲੋਂ ਜ਼ਿਆਦਾਤਰ ਸੀਟਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਮਾਲਵੇ ‘ਚ ਜ਼ਿਆਦਾਤਰ ਸੀਟਾਂ ’ਤੇ ਚੋਣ ਲੜਨ ਦੀਆਂ ਰਿਪੋਰਟਾਂ ’ਤੇ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਬਾਰੇ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨਾਂ ਖੇਤਰਾਂ ‘ਚ ਜਿਹੜੇ ਉਮੀਦਵਾਰ ਜਿੱਤ ਸਕਦੇ ਹਨ, ਉਸੇ ਦੇ ਹਿਸਾਬ ਨਾਲ ਫ਼ੈਸਲਾ ਲਿਆ ਜਾਵੇਗਾ। ਇਸ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ ਸਭ ਤੋਂ ਵੱਧ 69 ਸੀਟਾਂ ਮਾਲਵੇ ਦੀਆਂ ਹਨ। ਮਾਝੇ ਵਿੱਚ 25 ਵਿਧਾਨ ਸਭਾ ਸੀਟਾਂ ਹਨ, ਜਦਕਿ ਦੁਆਬਾ ਖੇਤਰ ਵਿੱਚ 23 ਵਿਧਾਨ ਸਭਾ ਸੀਟਾਂ ਹਨ।

ਪਾਰਟੀ ਦੇ ਵੱਖ-ਵੱਖ ਆਗੂਆਂ ਦੇ ਭਾਜਪਾ ‘ਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਸੀਂ ਆਪਣੀ ਸਰਕਾਰ ਬਣਾਵਾਂਗੇ। ਅਸੀਂ ਵਿਕਾਸ ਦੇ ਮੁੱਦੇ ‘ਤੇ ਚੋਣ ਲੜਾਂਗੇ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਜਿੱਤ ਦੇ ਹਿਸਾਬ ਨਾਲ ਤਿੰਨੋਂ ਪਾਰਟੀਆਂ ਆਪਸੀ ਸਹਿਮਤੀ ਨਾਲ ਸੂਚੀ ਜਾਰੀ ਕਰਨਗੀਆਂ। ਉਨ੍ਹਾਂ ਕਿਹਾ ਕਿ ਮਾਝਾ, ਮਾਲਵਾ ਤੇ ਦੋਆਬਾ ਵਿੱਚ ਤਿੰਨੋਂ ਪਾਰਟੀਆਂ ਇਕਜੁੱਟ ਹੋ ਕੇ ਆਪਣੀ ਹਾਜ਼ਰੀ ਦਿਖਾਉਣਗੀਆਂ ਤੇ ਚੰਗੇ ਨਤੀਜੇ ਸਾਹਮਣੇ ਆਉਣਗੇ। ਹੋਰ ਪਾਰਟੀਆਂ ਦੇ ਆਗੂਆਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਇੱਕ ਚੰਗਾ ਸੰਕੇਤ ਹੈ।

ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਜਲਦ ਹੀ ਸਹਿਯੋਗੀ ਪਾਰਟੀਆਂ ਦਾ ਸਾਂਝਾ ਮੈਨੀਫੈਸਟੋ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ (ਸੰਯੁਕਤ) ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਨੇ ਸੋਮਵਾਰ ਨੂੰ ਸ਼ੇਖਾਵਤ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।