ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀਆਂ ਰੈਲੀਆਂ ‘ਚ ਆਪਣੇ ਪੱਧਰ ‘ਤੇ ਆਪਣੇ ਖਾਸ ਕਾਂਗਰਸੀ ਆਗੂਆਂ ਨੂੰ ਪਾਰਟੀ ਟਿਕਟ ਦੇਣ ਦੀ ਜ਼ੁਬਾਨ ਦੇਣ ਕਾਰਨ ਕਾਂਗਰਸ ‘ਚ ਟਿਕਟ ਦੇ ਦਾਅਵੇਦਾਰਾਂ ਦੀ ਬੇਚੈਨੀ ਵਧ ਗਈ ਹੈ। ਹੁਣ ਕਾਂਗਰਸੀ ਆਗੂਆਂ ‘ਚ ਚਰਚਾ ਸ਼ੁਰੂ ਹੋ ਗਈ ਹੈ ਕਿ ਅਜਿਹਾ ਕਰ ਕੇ ਸਿੱਧੂ ਨਾ ਸਿਰਫ਼ ਟਿਕਟਾਂ ਦੀ ਵੰਡ ਨੂੰ ਲੈ ਕੇ ਨਵਾਂ ਕਲਚਰ ਪੈਦਾ ਕਰ ਰਹੇ ਹਨ ਸਗੋਂ ਕਾਂਗਰਸ ਹਾਈਕਮਾਂਡ ਨੂੰ ਵੀ ਚੁਣੌਤੀ ਦੇ ਰਹੇ ਹਨ। ਕੀ ਦਾਅਵੇਦਾਰਾਂ ਨੂੰ ਮਿਲੇਗੀ ਟਿਕਟ ਜਾਂ ਸਿੱਧੂ ਦੇ ਕੰਮ ਆਉਣਗੇ?
ਇਸ ਨੂੰ ਲੈ ਕੇ ਕਾਂਗਰਸੀ ਆਗੂਆਂ ਅੰਦਰ ਬੇਚੈਨੀ ਅਤੇ ਡਰ ਵਧਣ ਲੱਗਾ ਹੈ। ਇਸ ਕਾਰਨ ਕਾਂਗਰਸ ਦੇ ਅੰਦਰੂਨੀ ਸਮੀਕਰਨ ਵੀ ਵਿਗੜਨੇ ਸ਼ੁਰੂ ਹੋ ਗਏ ਹਨ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਉਮੀਦਵਾਰ ਨਹੀਂ ਐਲਾਨਿਆ ਹੈ। ਉਹ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਹਨ ਅਤੇ ਕਿਸੇ ਨੂੰ ਵੀ ਹਲਕਾ ਨਹੀਂ ਛੱਡਣ ਦੇਣਗੇ।
ਕਾਂਗਰਸੀ ਸੂਤਰਾਂ ਅਨੁਸਾਰ ਸਿੱਧੂ ਦਾ ਇਹ ਅੰਦਾਜ਼ ਟਿਕਟ ਦੇ ਦਾਅਵੇਦਾਰਾਂ ਨੂੰ ਬੇਚੈਨ ਕਰ ਸਕਦਾ ਹੈ ਪਰ ਨਾ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਾ ਹੀ ਕਿਸੇ ਹੋਰ ਵੱਡੇ ਆਗੂ ਨੇ ਪਾਰਟੀ ਪੱਧਰ ‘ਤੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਇਸ ਲਈ ਜਿਸ ਆਗੂ ਨੂੰ ਸਿੱਧੂ ਥਾਪੀ ਦੇ ਰਹੇ ਹਨ, ਉਸ ਨੇ ਆਪਣੇ ਆਪ ਨੂੰ ਕਾਂਗਰਸੀ ਸਮਝ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਸਿੱਧੂ ਦੇ ਅਸ਼ੀਰਵਾਦ ਦੇ ਬਾਵਜੂਦ ਫਤਿਹਜੰਗ ਸਿੰਘ ਬਾਜਵਾ ਪਾਰਟੀ ਛੱਡ ਚੁੱਕੇ ਹਨ। ਸਿੱਧੂ ਪਿਛਲੇ ਦਿਨਾਂ ਤੋਂ ਜਿੱਥੇ ਵੀ ਰੈਲੀ ਵਿੱਚ ਗਏ ਹਨ, ਉੱਥੇ ਹੀ ਉਹ ਆਪਣੇ ਨਜ਼ਦੀਕੀ ਕਾਂਗਰਸੀ ਉਮੀਦਵਾਰ ਨੂੰ ਸਬੰਧਤ ਸੀਟ ਤੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਬਣਾਉਣ ਦੀ ਗੱਲ ਆਖ ਰਹੇ ਹਨ
ਕਾਂਗਰਸ ਸੂਤਰਾਂ ਅਨੁਸਾਰ ਪਾਰਟੀ ਪ੍ਰੋਟੋਕੋਲ ਤੋਂ ਬਾਹਰ ਜਾ ਕੇ ਸਿੱਧੂ ਦੀ ਇਸ ਤਰ੍ਹਾਂ ਦੀ ਥਾਪੀ ਕਾਂਗਰਸ ਲਈ ਨਵੀਂ ਮੁਸੀਬਤ ਖੜ੍ਹੀ ਕਰ ਸਕਦੀ ਹੈ। ਸਿੱਧੂ ਦੀ ਥਾਪੀ ਅਨੁਸਾਰ ਜੇਕਰ ਸਬੰਧਤ ਆਗੂ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਸਿੱਧੂ ਮਜ਼ਬੂਤ ਹੋਣਗੇ ਤੇ ਜੇਕਰ ਚੋਣਾਂ’ਚ ਕਾਂਗਰਸ ਨੂੰ ਬਹੁਮਤ ਮਿਲਦਾ ਹੈ ਤਾਂ ਇਹ ਆਗੂ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਲਈ ਲਾਬਿੰਗ ਕਰਨਗੇ। ਦੂਜੇ ਪਾਸੇ ਜੇਕਰ ਪਾਰਟੀ ਨੇ ਟਿਕਟਾਂ ਦੀ ਵੰਡ ‘ਚ ਸਿੱਧੂ ਨੂੰ ਨਾ ਚੱਲਣ ਦਿੱਤਾ ਤਾਂ ਇੱਕ ਵਾਰ ਫਿਰ ਉਹੋ ਜਿਹੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਤਰ੍ਹਾਂ ਸਿੱਧੂ ਨੇ ਡੀਜੀਪੀ ਤੇ ਏਜੀ ਬਣਾਉਣ ਦੀ ਜ਼ਿੱਦ ਕਰਕੇ ਪਾਰਟੀ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਸੀ।
ਪਾਰਟੀ ਨੇ ਪ੍ਰੋਟੋਕੋਲ ਤਹਿਤ ਆਮ ਵਾਂਗ ਟਿਕਟਾਂ ਦੀ ਵੰਡ ਲਈ ਸਕ੍ਰੀਨਿੰਗ ਕਮੇਟੀ ਦਾ ਗਠਨ ਕੀਤਾ ਹੈ। ਅਜੇ ਤਕ ਕਮੇਟੀ ਨੇ ਉਮੀਦਵਾਰਾਂ ਦੀ ਕੋਈ ਰਿਪੋਰਟ ਹਾਈਕਮਾਂਡ ਨੂੰ ਨਹੀਂ ਦਿੱਤੀ ਅਤੇ ਨਾ ਹੀ ਉਮੀਦਵਾਰਾਂ ਬਾਰੇ ਕੋਈ ਫੈਸਲਾ ਲਿਆ ਹੈ।
ਇਨ੍ਹਾਂ ਸੀਟਾਂ ‘ਤੇ ਸਿੱਧੂ ਨੇ ਟਿਕਟ ਲਈ ਦਿੱਤੀ ਥਾਪੀ
ਪਿਛਲੇ ਦੋ ਹਫ਼ਤਿਆਂ ‘ਚ ਮਾਲਵਾ, ਮਾਝਾ ਤੇ ਦੋਆਬਾ ‘ਚ ਛੇ ਰੈਲੀਆਂ ‘ਚ ਸਿੱਧੂ ਨੇ ਨਜ਼ਦੀਕੀ ਆਗੂਆਂ ਨੂੰ ਉਮੀਦਵਾਰ ਵਜੋਂ ਮੈਦਾਨ ‘ਚ ਉਤਾਰਨ ਦੀ ਗੱਲ ਕਹੀ ਹੈ। ਮਾਲਵੇ ਦੀ ਬਠਿੰਡਾ ਦੇਹਾਤੀ ਸੀਟ ਲਈ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਧੂ ਆਹਮੋ-ਸਾਹਮਣੇ ਹਨ। ਜਿੱਥੇ ਸਿੱਧੂ ਨੇ ਮਨਪ੍ਰੀਤ ਵਿਰੋਧੀ ਰਹੇ ਹਰਵਿੰਦਰ ਸਿੰਘ ਲਾਡੀ ਨੂੰ ਉਮੀਦਵਾਰ ਬਣਾਉਣ ਲਈ ਥਾਪੜਾ ਦਿੱਤਾ, ਉੱਥੇ ਹੀ ਮਨਪ੍ਰੀਤ ਗੁਰਜੰਟ ਕੁੱਤੀਵਾਲ ਨੂੰ ਮੈਦਾਨ ‘ਚ ਉਤਾਰਨ ਲਈ ਲਾਬਿੰਗ ਕਰ ਰਹੇ ਹਨ। ਸਿੱਧੂ ਰਾਏਕੋਟ ‘ਚ ਉਨ੍ਹਾਂ ਦੇ ਸਲਾਹਕਾਰ ਰਹੇ ਹਨ ਤੇ ਸੁਲਤਾਨਪੁਰ ਲੋਧੀ ‘ਚ ਸੰਸਦ ਮੈਂਬਰ ਅਮਰ ਸਿੰਘ ਦੇ ਪੁੱਤਰ ਅਤੇ ਨਵਤੇਜ ਚੀਮਾ ਦੀ ਪਿੱਠ ਠੋਕ ਚੁੱਕੇ ਹਨ।