ਦੁਬਈ : ਦੁਬਈ ਵਿਚ ਕੁਝ ਨਵੇਂ ਨਿਯਮ ਬਣਾਏ ਗਏ ਹਨ। ਜਿਨ੍ਹਾਂ ਦੀ ਉਲੰਘਣਾ ’ਤੇ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਇਹ ਨਿਯਮ ਖ਼ਾਸ ਤੌਰ ’ਤੇ ਦੁਬਈ ਵਿਚ ਰਹਿਣ ਵਾਲੇ ਭਾਰਤੀਆਂ ਦੇ ਲਈ ਜਾਨਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਭਾਰਤ ਵਿਚ ਇਹ ਚੀਜ਼ਾਂ ਬੇਹੱਦ ਆਮ ਹਨ।
ਉਦਾਹਰਣ ਦੇ ਲਈ ਦੁਬਈ ਵਿਚ ਹੁਣ ਬਾਲਕੌਨੀ ਵਿਚ ਕੱਪੜੇ ਸੁਕਾਉਣ ਦੀ ਮਨਾਹੀ ਹੋਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ’ਤੇ ਫਾਈਨ ਲੱਗੇਗਾ। ਜਦ ਕਿ ਭਾਰਤ ਵਿਚ ਜ਼ਿਆਦਾਤਰ ਲੋਕ ਅਪਣੇ ਕੱਪੜੇ ਬਾਲਕੌਨੀ ਵਿਚ ਹੀ ਸੁਕਾਊਂਦੇ ਹਨ।
ਇੰਨਾ ਹੀ ਨਹੀਂ ਹੁਣ ਜੇਕਰ ਬਾਲਕੌਨੀ ਵਿਚ ਸਿਗਰਟ ਪੀਣ ਦੌਰਾਨ ਉਸ ਦੀ ਰਾਖ ਥੱਲੇ ਡਿੱਗਦੀ ਹੈ ਤਾਂ ਇਸ ਦੇ ਲਈ ਵੀ ਜੁਰਮਾਨਾ ਦੇਣਾ ਪੈ ਸਕਦਾ ਹੈ। ਦੁਬਈ ਨਗਰਪਾਲਿਕਾ ਨੇ ਇਹ ਕਦਮ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਮਕਸਦ ਨਾਲ ਚੁੱਕੇ ਹਨ।
ਸੋਮਵਾਰ ਨੂੰ ਇੱਕ ਟਵੀਟ ਵਿਚ ਦੁਬਈ ਨਗਰਪਾਲਿਕਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਪਣੀ ਬਾਲਕੌਨੀ ਦਾ ਗਲਤ ਇਸਤੇਮਾਲ ਨਾ ਕਰਨ। ਲੋਕਾਂ ਨੂੰ ਕਿਹਾ ਗਿਆ ਕਿ ਉਹ ਅਜਿਹਾ ਕੁਝ ਨਾ ਕਰਨ ਜਿਸ ਨਾਲ ਉਨ੍ਹਾਂ ਦੀ ਬਾਲਕੌਨੀ ਬੁਰੀ ਦਿਖੇ।
ਨਵੇਂ ਨਿਯਮਾਂ ਮੁਤਾਬਕ ਬਾਲਕੌਨੀ ਜਾਂ ਖਿੜਕੀ ’ਤੇ ਕੱਪੜੇ ਸੁੱਕਣੇ ਪਾਉਣ, ਬਾਲਕੌਨੀ ਤੋਂ ਸਿਗਰਟ ਦੀ ਰਾਖ ਝਾੜਨ, ਬਾਲਕੌਨੀ ਤੋਂ ਕੂੜਾ ਸੁੱਟਣ, ਬਾਲਕੌਨੀ ਧੋਂਦੇ ਸਮੇਂ ਪਾਣੀ ਥੱਲੇ ਡਿੱਗਣ ਜਾਂ ਏਸੀ ਤੋਂ ਪਾਣੀ ਟਪਕਣ, ਬਾਲਕੌਨੀ ਵਿਚ ਚਿੜੀਆਂ ਨੂੰ ਦਾਣਾ ਪਾਉਣ ਕਿਉਂਕਿ ਉਹ ਗੰਦਗੀ ਫੈਲਾਉਂਦੇ ਹਨ ਅਤੇ ਬਾਲਕੌਨੀ ਵਿਚ ਕਿਸੇ ਤਰ੍ਹਾਂ ਦਾ ਐਂਟੀਨਾ ਲਾਉਣ ’ਤੇ ਜੁਰਮਾਨਾ ਦੇਣਾ ਪਵੇਗਾ।
ਇਹ ਨਿਯਮ ਸਿਰਫ ਕਾਗਜ਼ਾਂ ’ਤੇ ਨਹੀਂ ਬਣਾਏ ਗਏ ਹਨ ਬਲਕਿ ਇਨ੍ਹਾਂ ਤੋੜਨ ’ਤੇ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ। ਖ਼ਬਰਾਂ ਮੁਤਾਬਕ ਨਿਯਮਾਂ ਨੂੰ ਤੋੜਨ ’ਤੇ 500 ਤੋਂ 1500 ਦਿਰਹਮ ਯਾਨੀ 10 ਹਜ਼ਾਰ ਤੋਂ 30 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ। ਯੂਏਈ ਦੀ ਕਮਾਈ ਦਾ ਮੁੱਖ ਖੇਤਰ ਸੈਰ ਸਪਾਟਾ ਹੈ ਅਤੇ ਸੈਲਾਨੀਆਂ ਨੂੰ ਲੁਭਾਉਣ ਲਈ ਸਰਕਾਰ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਯੂਏਈ ਵਿਚ ਸਾਫ ਸਫਾਈ ਨੂੰ ਲੈ ਕੇ ਸਖ਼ਤ ਨਿਯਮ ਲਾਗੂ ਹਨ ਤਾਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦੇ ਸਾਹਮਣੇ ਦੇਸ਼ ਦਾ ਵਧੀਆ ਅਕਸ ਬਣ ਸਕੇ।