ਸਿੰਗਾਪੁਰ : ਸਿੰਗਾਪੁਰ ਵਿਚ ਭਾਰਤੀ ਮੂਲ ਦੇ 65 ਸਾਲਾ ਸ਼ਖ਼ਸ ਮੂਰਤੀ ਨਾਗੱਪਨ ਨੂੰ ਦੁਰਵਿਵਹਾਰ ਦੇ ਤਿੰਨ ਦੋਸ਼ਾਂ ਅਤੇ ਸ਼ਰਾਬ ਪੀ ਕੇ ਜਨਤਕ ਥਾਵਾਂ ’ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਜੁਰਮ ਕਬੂਲ ਕਰਨ ਤੋਂ ਬਾਅਦ ਪੰਜ ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਮੂਰਤੀ ਨਾਗੱਪਨ ਇਸ ਸਾਲ 28 ਮਾਰਚ ਨੂੰ ਲਿਟਲ ਇੰਡੀਆ ਵਿਚ ਟੇਕਾ ਮਾਰਕਿਟ ਦੇ ਕੋਲ ਬਸ ਵਿਚ ਨਸ਼ੇ ਦੀ ਹਾਲਤ ਵਿਚ ਚੜਿ੍ਹਆ। ਉਸ ਨੇ ਅਪਣਾ ਮਾਸਕ ਸਹੀ ਤਰੀਕੇ ਨਾਲ ਨਹੀਂ ਪਾਇਆ ਸੀ। ਜਦ ਚਾਲਕ ਨੇ ਉਸ ਨੂੰ ਸਹੀ ਤਰੀਕੇ ਨਾਲ ਮਾਸਕ ਪਹਿਨਣ ਨੂੰ ਕਿਹਾ ਤਾਂ ਮੂਰਤੀ ਨਰਾਜ਼ ਹੋ ਗਿਆ ਅਤੇ ਮੰਦਾ ਚੰਗਾ ਬੋਲਣ ਲੱਗਾ।
ਐਸਪੀਓ ਰਾਜ ਕਿਸ਼ੋਰ ਰਾਏ ਨੇ ਦੱਸਿਆ ਕਿ ਪੁਲਿਸ ਨੂੰ 15 ਮਿੰਟ ਬਾਅਦ ਸੂਚਨਾ ਦਿੱਤੀ ਗਈ। ਮੂਰਤੀ ’ਤੇ ਪਿਛਲੇ ਮਹੀਨੇ 738 ਡਾਲਰ ਦਾ ਜੁਰਮਾਨਾ ਲਾਇਆ ਗਿਆ। ਇਸ ਸਾਲ ਇੱਕ ਹੋਰ ਘਟਨਾ ਵਿਚ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਇੱਕ ਪੁਲਿਸ ਅਧਿਕਾਰੀ ਅਤੇ ਬਸ ਡਰਾਈਵਰ ਨੂੰ ਮੰਦਾ ਬੋਲਿਆ ਸੀ। ਦੋ ਮਹੀਨੇ ਬਾਅਦ 29 ਮਈ ਨੂੰ ਮੂਰਤੀ ਟੇਕਾ ਮਾਰਕਿਟ ਦੇ ਕੋਲ ਫੇਰ ਨਸ਼ੇ ਦੀ ਹਾਲਤ ਵਿਚ ਮਿਲਿਆ। ਉਸ ਨੇ ਉਥੋਂ ਗੁਜ਼ਰ ਰਹੇ ਲੋਕਾਂ ਨੂੰ ਅਪਸ਼ਬਦ ਬੋਲੇ। ਮੂਰਤੀ ਨੂੰ ਸੋਮਵਾਰ ਨੂੰ ਪੰਜ ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।