ਟੋਰਾਂਟੋ : ਉਨਟਾਰੀਓ ’ਚ ਕੋਰੋਨਾ ਕੇਸ ਵਧਣ ਕਾਰਨ ਬੰਦ ਕੀਤੇ ਗਏ ਸਕੂਲ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਖੁੱਲ੍ਹਣ ਦੇ ਆਸਾਰ ਬਣ ਰਹੇ ਨੇ।
ਮਿਸੀਸਾਗਾ ਦੀ ਇੱਕ ਵੈਕਸੀਨ ਕਲੀਨਿਕ ਵਿੱਚ ਪਹੁੰਚੇ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਜਲਦ ਹੀ ਕੈਬਨਿਟ ਦੀ ਬੈਠਕ ਹੋਣ ਜਾ ਰਹੀ ਹੈ, ਜਿਸ ਵਿੱਚ ਇਹ ਫ਼ੈਸਲਾ ਲਿਆ ਜਾਵੇਗਾ ਕਿ ਸਕੂਲਾਂ ਨੂੰ ਅਜੇ ਖੋਲ੍ਹਣਾ ਚਾਹੀਦਾ ਹੈ ਜਾਂ ਨਹੀਂ। ਹੋਰ ਕੀ ਬੋਲੇ ਪ੍ਰੀਮੀਅਰ ਆਓ ਜਾਣਦੇ ਆਂ…
ਡੱਗ ਫੋਰਡ ਨੇ ਕਿਹਾ ਕਿ ਜਲਦ ਹੀ ਕੈਬਨਿਟ ਬੈਠਕ ਹੋਣ ਜਾ ਰਹੀ ਹੈ, ਜਿਸ ਵਿੱਚ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਅਤੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਵੀ ਸ਼ਾਮਲ ਹੋਣਗੇ। ਇਸ ਬੈਠਕ ਵਿੱਚ ਸਕੂਲਾਂ ਨੂੰ ਖੋਲ੍ਹਣ ਸਬੰਧੀ ਫਾਈਨਲ ਫ਼ੈਸਲਾ ਲਿਆ ਜਾਵੇਗਾ, ਪਰ ਉਸ ਤੋਂ ਪਹਿਲਾਂ ਚੀਫ਼ ਮੈਡੀਕਲ ਅਫ਼ਸਰ ਡਾ. ਕੀਰਨ ਮੂਰੇ ਦੀ ਵੀ ਰਾਏ ਲਈ ਜਾਵੇਗੀ।
ਦੱਸ ਦੇਈਏ ਕਿ ਗਰੇਟਰ ਟੋਰਾਂਟੋ ਏਰੀਆ ਵਿੱਚ ਜ਼ਿਆਦਾਤਰ ਪਬਲਿਕ ਬੋਰਡ ਤਿੰਨ ਜਨਵਰੀ ਤੋਂ ਸਕੂਲ ਖੋਲ੍ਹਣ ਦੀ ਮੰਗ ਕਰ ਰਹੇ ਨੇ, ਪਰ ਬਹੁਤ ਸਾਰੇ ਬੋਰਡਾਂ ਨੇ ਵਿਦਿਆਰਥੀਆਂ ਨੂੰ ਵਾਇਰਲੈਸ ਯੰਤਰ ਵੰਡ ਕੇ ਆਨਲਾਈਨ ਪੜ੍ਹਾਈ ਦੀ ਵੀ ਤਿਆਰੀ ਕੀਤੀ ਹੋਈ ਹੈ।
ਦਸੰਬਰ ਦੇ ਸ਼ੁਰੂ ਵਿੱਚ ਹੀ ਸਟਾਫ਼ ਦੀ ਘਾਟ ਤੇ ਕੋਰੋਨਾ ਦੇ ਕੇਸ ਵਧਣ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। 1 ਸਤੰਬਰ ਤੋਂ 18 ਦਸੰਬਰ ਤੱਕ ਸੂਬੇ ਵਿੱਚ ਆਏ ਕੁੱਲ ਕੋਰੋਨਾ ਮਾਮਲਿਆਂ ਵਿੱਚ ਲਗਭਗ 12 ਹਜ਼ਾਰ ਕੇਸ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਦੇ ਸਨ।
ਉਨਟਾਰੀਓ ਵਿੱਚ ਬੀਤੇ ਸੱਤ ਦਿਨਾ ਤੋਂ ਰੋਜ਼ਾਨਾ 8 ਹਜ਼ਾਰ ਤੋਂ ਵੱਧ ਕੇਸ ਆ ਰਹੇ ਹਨ। ਮਾਈਕਲ ਗੈਰਨ ਹੌਸਪਿਟਲ ਦੇ ਕ੍ਰਿਟੀਕਲ ਕੇਅਰ ਮੈਡੀਕਲ ਡਾਇਰੈਕਟਰ ਡਾ. ਮਾਈਕਲ ਵਾਰਨਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਜਲਦ ਸਕੂਲ ਖੋਲ੍ਹਣ ਦਾ ਫ਼ੈਸਲਾ ਲੈਣ ਜਾ ਰਹੀ ਹੈ ਤਾਂ ਉਸ ਨੂੰ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਪਹਿਲਾਂ ਅਹਿਮ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸਕੂਲਾਂ ਵਿੱਚ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਸੂਬੇ ਵਿੱਚ ਕਿਤੇ ਵੀ ਲੋਕਾਂ ਦੀ ਭੀੜ ਇਕੱਠੀ ਨਹੀਂ ਹੋਣ ਦੇਣੀ ਚਾਹੀਦੀ। ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ। ਹਸਪਤਾਲਾਂ ਵਿੱਚ ਵੀ ਵੈਂਟੀਲੇਸ਼ਨ ਅਪ੍ਰੇਗਡ ਕਰਨ ਸਣੇ ਹੋਰ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਪਰ ਸਰਕਾਰ ਅਜੇ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ।