ਮਿਲਾਨ : ਵਿਦੇਸ਼ਾਂ ‘ਚ ਵਸਦਾ ਭਾਰਤੀ ਭਾਈਚਾਰਾ ਆਏ ਦਿਨ ਬੁਲੰਦੀਆਂ ਛੂਹ ਰਿਹਾ ਹੈ, ਭਾਰਤੀ ਭਾਈਚਾਰੇ ਦਾ ਨਾਂ ਰੌਸ਼ਨ ਕਰ ਰਿਹਾ ਹੈ। ਅਜਿਹਾ ਹੀ ਇਕ ਕਾਰਨਾਮਾ ਕਰ ਦਿਖਾਇਆ ਹੈ ਇਟਲੀ ਦੇ ਮਾਨਤੋਵਾ ਦੀ ਨਿਸ਼ਾ ਠਾਕੁਰ (Nisha Thakur) ਨੇ, ਜਿਸਨੇ ਮਾਨਤੋਵਾ ਦੇ ਕਸਬਾ ਪੋਜੀਓ ਰੋਸਕੋ ਦੀ ਕਮਿਊਨੇ ਦੇ ਮੈਂਬਰ ਦੀ ਚੋਣ (ਨਗਰ ਕੌਂਸਲ ਚੋਣਾਂ) (ਕੌਨਸਿਲੀਰੇ ਕਮੂਨਾਲੇ ਕੋਨ ਦੇਲੇਗਾ ਆਲੇ ਪੋਲੀਟੀਕੇ ਜੀਉਵਾਨੀਲੀ) ਵਿੱਚ ਜਿੱਤ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ, ਭਾਰਤੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ।
ਪੰਜਾਬ ਦੇ ਪਿੰਡ ਤੋਗਾਂ ਜ਼ਿਲ੍ਹਾ ਮੁਹਾਲੀ ਨਾਲ ਸਬੰਧਤ ਨਿਸ਼ਾ ਠਾਕੁਰ ਜੋ ਕਿ ਪਿਛਲੇ 16 ਸਾਲਾਂ ਤੋਂ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਕਸਬਾ ਪੋਜੀਆ ਰੂਸਕੋ ਵਿਖੇ ਰਹਿ ਰਹੀ ਹੈ, ਉਸ ਨੇ ਬਾਇਓਮੈਡੀਕਲ ਦੀ ਡਿਗਰੀ 100 ਅੰਕਾਂ ਨਾਲ ਪ੍ਰਾਪਤ ਕੀਤੀ ਹੋਈ ਹੈ। ਹੁਣ ਮੈਡੀਕਲ ਬਾਇਓਟੈਕਨਾਲੋਜੀ ਦੀ ਡਿਗਰੀ ਫਰਾਰਾ ਯੂਨੀਵਰਸਿਟੀ ਤੋਂ ਕਰ ਰਹੀ ਹੈ। ਨਿਸ਼ਾ ਠਾਕੁਰ ਜੋ ਕਿ ਮਲਟੀਨੈਸ਼ਨਲ ਬਾਇਓ ਮੈਡੀਕਲ ਕੰਪਨੀ ‘ਚ ਨੌਕਰੀ ਕਰਦੀ ਹੈ, ਪਿਛਲੇ 7 ਸਾਲਾਂ ਤੋਂ ਪੋਜੀਓ ਰੂਸਕੋ ‘ਚ ਹੀ ਅਲੱਗ-ਅਲੱਗ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ। ਕਮੂਨੇ ਦੇ ਮੈਂਬਰ ਦੀ ਚੋਣ ਜਿੱਤਣ ਤੋਂ ਬਾਅਦ ਨਿਸ਼ਾ ਠਾਕੁਰ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਇਟਲੀ ਵਿੱਚ ਵੱਧ ਤੋਂ ਵੱਧ ਪੜ ਲਿਖ ਕੇ ਅਤੇ ਮਿਹਨਤ ਕਰ ਅੱਗੇ ਵਧਣ ਦੀ ਅਪੀਲ ਕੀਤੀ ਤਾਂ ਜੋ ਆਪਣੇ ਦੇਸ਼ ਅਤੇ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਜਾ ਸਕੇ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਨੌਜਵਾਨਾਂ ਦੀ ਸਰਕਾਰੇ ਦਰਬਾਰੇ ਹੋ ਰਹੀ ਸ਼ਮੂਲੀਅਤ ਭਾਰਤੀ ਕਾਮਿਆਂ ਦੇ ਸ਼ੋਸ਼ਣ ਨੂੰ ਵੀ ਠੱਲ੍ਹ ਪਾਉਣ ‘ਚ ਸਹਾਇਕ ਸਿੱਧ ਹੋਵੇਗੀ।