ਨਵੀਂ ਦਿੱਲੀ : ਮੋਬਾਈਲ ਐਪ ਆਧਾਰਤ ਕੈਬ ਸੇਵਾ ਪ੍ਰੋਵਾਈਡਰ ਕੰਪਨੀ ਓਲਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਸ ਦੇ ਡਰਾਈਵਰ ਪਾਰਟਨਰ ਹੁਣ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣੇ ਮੋਬਾਈਲ ਫੋਨ ‘ਤੇ ਦੇਖ ਸਕਣਗੇ ਕਿ ਯਾਤਰੀ ਨੇ ਕਿੱਥੇ ਜਾਣਾ ਹੈ ਤੇ ਉਹ ਪੇਮੈਂਟ ਨਕਦ ਜਾਂ ਆਨਲਾਈਨ ਮੋਡ ‘ਚ ਕਰੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਜੇਕਰ ਉਸ ਨੇ ਰਾਈਡ ਕੈਂਸਲ ਕਰਨੀ ਹੈ ਤਾਂ ਤੁਰੰਤ ਕਰ ਦੇਵੇਗਾ ਤੇ ਯਾਤਰੀ ਨੂੰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਓਲਾ ਦੇ ਕੋ-ਫਾਊਂਡਰ ਭਾਵੀਸ਼ ਅਗਰਵਾਲ ਨੇ ਮੰਗਲਵਾਰ ਨੂੰ ਇਕ ਟਵੀਟ ਜ਼ਰੀਏ ਕਿਹਾ ਹੈ ਕਿ ਡਰਾਈਵਰ ਵੱਲੋਂ ਰਾਈਡ ਕੈਂਸਲ ਕਰਨਾ ਮੋਬਾਈਲ ਐਪ ਆਧਾਰਤ ਇਸ ਪੂਰੇ ਉਦਯੋਗ ਦੀ ਵੱਡੀ ਸਮੱਸਿਆ ਹੈ। ਕੰਪਨੀ ਇਸ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
ਓਲਾ ਕੈਬ ਜਾਂ ਬਾਈਕ ਬੁੱਕ ਕਰਨ ਵਾਲਿਆਂ ਨੂੰ ਅਕਸਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਯਾਨੀ, ਬੁਕਿੰਗ ਦੀ ਪੁਸ਼ਟੀ ਹੋਣ ਤੋਂ ਬਾਅਦ ਬਹੁਤ ਸਾਰੇ ਡਰਾਈਵਰ ਪਿਕ-ਅੱਪ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਯਾਤਰੀ ਨੂੰ ਕਾਲ ਕਰਦੇ ਹਨ ਤੇ ਪੁੱਛਦੇ ਹਨ ਕਿ ਉਹ ਕਿੱਥੇ ਜਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਭੁਗਤਾਨ ਨਕਦ ਜਾਂ ਔਨਲਾਈਨ ਮੋਡ ‘ਚ ਮਿਲੇਗਾ। ਯਾਤਰੀ ਦਾ ਜਵਾਬ ਮਿਲਣ ਤੋਂ ਬਾਅਦ ਕਈ ਵਾਰ ਡਰਾਈਵਰ ਇਹ ਕਹਿ ਕੇ ਇਨਕਾਰ ਕਰ ਦਿੰਦਾ ਹੈ ਕਿ ਉਸ ਨੇ ਕਿਸੇ ਖਾਸ ਸਥਾਨ ‘ਤੇ ਨਹੀਂ ਜਾਣਾ ਹੈ ਅਤੇ ਕਈ ਵਾਰ ਇਹ ਕਹਿ ਦਿੰਦਾ ਹੈ ਕਿ ਉਹ ਨਕਦ ਭੁਗਤਾਨ ਚਾਹੁੰਦਾ ਹੈ।
ਨੁਕਸਾਨ ਯਾਤਰੀਆਂ ਦਾ ਹੀ ਹੁੰਦਾ ਹੈ
ਕਈ ਵਾਰ ਡਰਾਈਵਰ ਯਾਤਰੀ ਦੇ ਸਥਾਨ ‘ਤੇ ਪਹੁੰਚਣ ਤੋਂ ਬਾਅਦ ਇਹ ਸਵਾਲ ਪੁੱਛਦੇ ਹਨ ਤੇ ਫਿਰ ਲੋੜੀਂਦਾ ਜਵਾਬ ਨਾ ਮਿਲਣ ‘ਤੇ ਰਾਈਡ ਰੱਦ ਕਰ ਦਿੰਦੇ ਹਨ। ਇਸ ਤੋਂ ਬਾਅਦ ਚਾਹੇ ਡਰਾਈਵਰ ਬੁਕਿੰਗ ਕੈਂਸਲ ਕਰੇ ਜਾਂ ਯਾਤਰੀ, ਆਖਰਕਾਰ ਨੁਕਸਾਨ ਯਾਤਰੀ ਨੂੰ ਹੀ ਹੁੰਦਾ ਹੈ ਕਿਉਂਕਿ ਉਸ ਨੂੰ ਨਵੀਂ ਬੁਕਿੰਗ ਕਰਨੀ ਪੈਂਦੀ ਹੈ। ਕਈ ਵਾਰ ਇਨ੍ਹਾਂ ਕਾਰਨਾਂ ਕਰ ਕੇ ਵਾਰ-ਵਾਰ ਬੁਕਿੰਗ ਅਤੇ ਰੱਦ ਹੋਣ ਦੀ ਸਥਿਤੀ ‘ਚ ਯਾਤਰੀਆਂ ਦਾ ਬਹੁਤ ਸਮਾਂ ਬਰਬਾਦ ਹੁੰਦਾ ਹੈ। ਉਸ ਦੀ ਫਲਾਈਟ ਜਾਂ ਟ੍ਰੇਨ ਛੁੱਟਣ ਦੀ ਨੌਬਤ ਆ ਜਾਂਦੀ ਹੈ। ਮੌਜੂਦਾ ਵਿਵਸਥਾ ‘ਚ ਡਰਾਈਵਰ ਨੂੰ ਵੀ ਮੰਜ਼ਿਲ ਦੀ ਜਾਣਕਾਰੀ ਉਦੋਂ ਮਿਲਦੀ ਹੈ ਜਦੋਂ ਯਾਤਰੀ ਗੱਡੀ ‘ਚ ਬੈਠ ਜਾਂਦਾ ਹੈ ਤੇ ਡਰਾਈਵਰ ਨੂੰ ਓਟੀਪੀ ਯਾਨੀ ਵਨ ਟਾਈਮ ਪਾਸਵਰਡ ਦੱਸਦਾ ਹੈ।