CM ਚੰਨੀ ਦੀ ਆਮਦ ’ਤੇ ਮਜ਼ਦੂਰਾਂ ਨੇ ਕਾਲੇ ਝੰਡਿਆਂ ਨਾਲ ਕੀਤਾ ਰੋਹ ਭਰਪੂਰ ਪ੍ਰਦਰਸ਼ਨ

ਦੋਦਾ : ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ’ਤੇ ਮਜ਼ਦੂਰਾਂ ਨਾਲ਼ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਅੱਜ ਸੈਂਕੜੇ ਮਜ਼ਦੂਰ ਮਰਦ ਔਰਤਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦੋਦਾ ਰੈਲੀ ਦੌਰਾਨ ਕਾਲ਼ੇ ਝੰਡਿਆਂ ਨਾਲ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਗੁਰਪਾਲ ਸਿੰਘ ਨੰਗਲ, ਤਰਸੇਮ ਸਿੰਘ ਖੁੰਡੇ ਹਲਾਲ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਜਗਜੀਤ ਸਿੰਘ ਜੱਸੇਆਣਾ ਦੀ ਅਗਵਾਈ ਹੇਠ ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਅੱਜ ਸੈਂਕੜੇ ਮਜ਼ਦੂਰ ਮਰਦ ਔਰਤਾਂ ਕਾਲ਼ੇ ਝੰਡੇ ਲੈਕੇ ਦੋਦਾ ਦੇ ਬੱਸ ਸਟੈਂਡ ਤੋਂ ਰੈਲੀ ਵਾਲੇ ਸਥਾਨ ਨਾਅਰੇ ਮਾਰਦੇ ਜਿਉਂ ਹੀ ਰਵਾਨਾ ਹੋਏ ਤਾਂ ਉਨ੍ਹਾਂ ਨੂੰ ਭਾਰੀ ਪੁਲਿਸ ਫੋਰਸ ਵਲੋਂ ਰੋਕ ਲਿਆ ,ਜਿੱਥੇ ਕੈਬਨਿਟ ਮੰਤਰੀ ਰਾਜਾ ਵੜਿੰਗ ਨਾਲ਼ ਮਜ਼ਦੂਰ ਆਗੂਆਂ ਦੀ ਤਿੱਖੀ ਬਹਿਸ ਹੋ ਗਈ ਅਤੇ ਰੋਹ ‘ਚ ਆਏ ਮਜ਼ਦੂਰਾਂ ਵੱਲੋਂ ਕੈਬਨਿਟ ਮੰਤਰੀ ਦੀ ਹਾਜ਼ਰੀ ‘ਚ ਹੀ ਕਾਂਗਰਸ ਸਰਕਾਰ ਮੁਰਦਾਬਾਦ ਦੇ ਨਾਹਰੇ ਮਾਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਥੇ ਹੀ ਧਰਨਾ ਸ਼ੁਰੂ ਕਰ ਦਿੱਤਾ

ਮਜ਼ਦੂਰ ਆਗੂਆਂ ਰਾਜਾ ਸਿੰਘ ਤੇ ਕਾਲਾ ਸਿੰਘ ਖੂਨਣ ਖੁਰਦ, ਬਾਜ਼ ਸਿੰਘ ਭੁੱਟੀਵਾਲਾ, ਕਾਕਾ ਸਿੰਘ ਖੁੰਡੇ ਹਲਾਲ, ਦਲਜੀਤ ਸਿੰਘ ਫੱਤਣਵਾਲਾ, ਜਸਵਿੰਦਰ ਸਿੰਘ ਸੰਗੂਧੌਣ, ਕਰਮਜੀਤ ਸਿੰਘ ਸੇਵੇਵਾਲਾ ਤੇ.ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਲਖਵੰਤ ਸਿੰਘ ਕਿਰਤੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 23 ਨਵੰਬਰ ਨੂੰ ਮਜ਼ਦੂਰ ਜਥੇਬੰਦੀਆਂ ਨਾਲ਼ ਮੀਟਿੰਗ ਦੌਰਾਨ ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਮਜ਼ਦੂਰ ਘਰਾਂ ਚੋਂ ਪੁੱਟੇ ਬਿਜਲੀ ਮੀਟਰ ਬਿਨਾਂ ਸ਼ਰਤ ਜੋੜਨ, ਰਾਸ਼ਨ ਡਿਪੂਆਂ ਰਾਹੀਂ ਕਣਕ ਤੋਂ ਇਲਾਵਾ ਖੰਡ, ਘਿਓ, ਤੇ ਚਾਹ ਪੱਤੀ ਸਮੇਤ ਹੋਰ ਰਸੋਈ ਵਸਤਾਂ ਕੰਟਰੋਲ ਰੇਟ ਤੇ ਦੇਣ, ਦਲਿਤਾਂ ਤੇ ਜ਼ਬਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਿਟ ਦਾ ਗਠਨ ਕਰਨ ਅਤੇ ਕੋਅਪਰੇਟਿਵ ਸੁਸਾਇਟੀਆਂ ਚ ਮਜ਼ਦੂਰਾਂ ਲਈ 25 ਫੀਸਦੀ ਰਾਖਵਾਂਕਰਨ ਕਰਕੇ ਕਰਜ਼ਾ ਰਾਸ਼ੀ 50 ਹਜ਼ਾਰ ਰੁਪਏ ਕਰਨ ਸਮੇਤ ਅਨੇਕਾਂ ਮੰਗਾਂ ਪ੍ਰਵਾਨ ਕੀਤੀਆਂ ਸਨ ਜਿਨ੍ਹਾਂ ਨੂੰ ਲਾਗੂ ਕਰਨ ਤੋਂ ਮੁੱਖ ਮੰਤਰੀ ਤੇ ਕਾਂਗਰਸ ਸਰਕਾਰ ਭੱਜ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਗਰੀਬ ਲੋਕਾਂ ਨੂੰ ਬੁੱਕਲ਼ ‘ਚ ਲੈਕੇ ਗਲਾ ਘੁਟਣ ਦੀ ਨੀਤੀ ’ਤੇ ਚੱਲ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਮੁੱਖ ਮੰਤਰੀ ਦੀ ਇਸ ਵਾਅਦਾ ਖਿਲਾਫੀ ਮੁੱਖ ਮੰਤਰੀ, ਮੰਤਰੀਆਂ ਤੇ ਕਾਗਰਸੀ ਵਿਧਾਇਕਾਂ ਖਿਲਾਫ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਜਾਰੀ ਰਹਿਣਗੇ। ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ ਜਗੀਰਦਾਰਾਂ ਦੇ ਦਬਾਅ ਹੇਠ ਜ਼ਮੀਨੀ ਹੱਦਬੰਦੀ ਤੋਂ ਵਾਧੂ ਜ਼ਮੀਨ ਮਾਲਕਾਂ ਦੀਆਂ ਸੂਚੀਆਂ ਬਨਾਉਣ ਦਾ ਪੱਤਰ ਜ਼ਾਰੀ ਕਰਕੇ ਵਾਪਸ ਲੈ ਲਿਆ।

ਇਸ ਵਿਰੋਧ ਪ੍ਰਦਰਸ਼ਨ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਉਨ੍ਹਾਂ ਨੇ ਚਾਹ ਦਾ ਲੰਗਰ ਵੀ ਲਾਇਆ, ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਅਤੇ ਬਿੱਟੂ ਮੱਲਣ ਨੇ ਸੰਬੋਧਨ ਕੀਤਾ। ਮਜ਼ਦੂਰ ਦੇ ਵਧਦੇ ਰੋਹ ਉਪਰੰਤ ਪ੍ਰਸ਼ਾਸਨ ਵੱਲੋਂ ਮਜ਼ਦੂਰ ਆਗੂਆਂ ਗੁਰਪਾਲ ਸਿੰਘ ਨੰਗਲ, ਜਗਜੀਤ ਸਿੰਘ ਜੱਸੇਆਣਾ, ਕਾਲਾ ਸਿੰਘ ਖੂਨਣ ਖੁਰਦ ਤੇ ਕਾਕਾ ਸਿੰਘ ਖੁੰਡੇ ਹਲਾਲ ਸਮੇਤ ਮਜ਼ਦੂਰਾਂ ਦੇ ਇੱਕ ਵਫ਼ਦ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਲਈ ਲਿਜਾਇਆ ਗਿਆ ਜਿੱਥੇ ਮੁੱਖ ਮੰਤਰੀ ਵੱਲੋਂ ਦੋ ਦਿਨ ਬਾਅਦ ਮਜ਼ਦੂਰਾਂ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਮਜ਼ਦੂਰ ਆਗੂਆਂ ਨੇ ਕਿਹਾ ਕਿ ਜਦ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਸੰਘਰਸ਼ ਜਾਰੀ ਰੱਖਣਗੇ।