ਚੰਡੀਗੜ੍ਹ। ਪਹਿਲਾਂ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਦੀ ਥਾਂ ਡੀਐੱਸ ਪਟਵਾਲੀਆ ਤੇ ਫਿਰ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਥਾਂ ਸਿਧਾਰਥ ਚਟੋਪਾਧਿਆਏ ਨੂੰ ਆਪਣੀ ਪਸੰਦ ਦਾ ਡੀਜੀਪੀ ਬਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਖੁਸ਼ ਹਨ। ਹੁਣ ਉਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਖ਼ੁਦ ਨੂੰ ਮੁੱਖ ਮੰਤਰੀ ਵਜੋਂ ਉਭਾਰ ਕੇ ਚੋਣ ਆਪਣੇ ਨਾਂ ‘ਤੇ ਲੜਵਾਉਣ ਲਈ ਕਾਂਗਰਸ ਨੂੰ ਮਜਬੂਰ ਕਰਨ। ਇਸੇ ਲਈ ਉਹ ਅਕਸਰ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਕੰਮ ਦੀ ਆਲੋਚਨਾ ਕਰਦੇ ਰਹਿੰਦੇ ਹਨ।
ਜਦੋਂ ਵੀ ਨਵਜੋਤ ਸਿੰਘ ਸਿੱਧੂ ਕਿਸੇ ਨਵੀਂ ਸਕੀਮ ਦਾ ਐਲਾਨ ਕਰਦੇ ਹਨ ਅਤੇ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਹੁਣੇ ਲਾਗੂ ਕਿਉਂ ਨਹੀਂ ਕਰਦੇ, ਸਰਕਾਰ ਤਾਂ ਉਨ੍ਹਾਂ ਦੀ ਹੀ ਹੈ। ਇਸ ‘ਤੇ ਉਹ ਇਹ ਕਹਿ ਕੇ ਟਾਲ-ਮਟੋਲ ਕਰਦੇ ਹਨ ਕਿ ਉਨ੍ਹਾਂ ਨੂੰ ਸੱਤਾ ‘ਚ ਆਉਣ ਦਿਓ, ਉਦੋਂ ਇਸ ਨੂੰ ਲਾਗੂ ਕਰਵਾ ਦੇਣਗੇ। ਨਵਜੋਤ ਸਿੱਧੂ ਦੀ ਪੂਰੀ ਮੁਹਿੰਮ ਆਪਣਾ ‘ਪੰਜਾਬ ਮਾਡਲ’ ਲਾਗੂ ਕਰਵਾਉਣ ਬਾਰੇ ਹੈ। ਹਾਲਾਂਕਿ ਉਹ ਇਹ ਨਹੀਂ ਦੱਸ ਰਹੇ ਹਨ ਕਿ ਇਹ ਪੰਜਾਬ ਮਾਡਲ ਹੈ ਕੀ ਤੇ ਇਸ ਨੂੰ ਪੂਰਾ ਕਰਨ ਦਾ ਰੋਡਮੈਪ ਕੀ ਹੋਵੇਗਾ
ਮਸਲਨ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਮਨਰੇਗਾ ਦੀ ਤਰਜ਼ ‘ਤੇ ਸ਼ਹਿਰੀ ਰੁਜ਼ਗਾਰ ਗਾਰੰਟੀ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਉਹ ਸੱਤਾ ‘ਚ ਆਉਣਗੇ ਤਾਂ ਉਨ੍ਹਾਂ ਦੀ ਤਰਜੀਹ ਮਜ਼ਦੂਰ ਤੇ ਕਿਸਾਨ ਹੋਣਗੇ ਨਾ ਕਿ ਕੁਝ ਅਮੀਰ ਲੋਕ, ਪਰ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਹਾਲੇ ਤਾਂ ਮੈਨੀਫੈਸਟੋ ਕਮੇਟੀ ਨੇ ਇਸ ਨੂੰ ਇਸ ਵਿਚ ਸ਼ਾਮਲ ਹੀ ਨਹੀਂ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੀ ਪ੍ਰਧਾਨ ਦਾ ਕਹਿਣਾ ਕਾਫ਼ੀ ਨਹੀਂ ਹੁੰਦਾ। ਜੇਕਰ ਇਸ ਨੂੰ ਸ਼ਾਮਲ ਨਾ ਕੀਤਾ ਗਿਆ ਤਾਂ ਉਨ੍ਕੀਹਾਂ ਨੂੰ ਹੋਰ ਵੀ ਤਰੀਕੇ ਆਉਂਦੇ ਹਨ।
ਇੰਨਾ ਹੀ ਨਹੀਂ ਨਵਜੋਤ ਸਿੰਘ ਸਿੱਧੂ ਨੇ ਵੀ ਦਿੱਗਜ ਮੰਤਰੀਆਂ ਅਤੇ ਆਗੂਆਂ ਦੇ ਇਲਾਕੇ ਦਾ ਦੌਰਾ ਕਰਕੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਦੀਆਂ ਵਿਧਾਨ ਸਭਾ ਸੀਟ ਤੋਂ ਉਨ੍ਹਾਂ ਪੰਜਾਬ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਬਾਜਵਾ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਾਦੀਆਂ ਤੋਂ ਟਿਕਟ ਲਈ ਦਾਅਵਾ ਪੇਸ਼ ਕੀਤਾ ਹੋਇਆ ਹੈ। ਸਿੱਧੂ ਨੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਦਾ ਵੀ ਸਮਰਥਨ ਕੀਤਾ, ਜਦਕਿ ਮੰਤਰੀ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਇੰਦਰ ਪ੍ਰਤਾਪ ਸਿੰਘ ਨੂੰ ਸੁਲਤਾਨਪੁਰ ਲੋਧੀ ਤੋਂ ਇਸੇ ਸੀਟ ‘ਤੇ ਉਤਾਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹ ਸਮੇਂ-ਸਮੇਂ ‘ਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰਦੇ ਹੋਏ ਅਸਿੱਧੇ ਤੌਰ ‘ਤੇ ਖੁਦ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਦੇ ਰਹੇ ਹਨ।