ਖੰਨਾ : ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਪੰਜਾਬ ਸਰਕਾਰ ਖਿਲਾਫ਼ ਵੱਡੀ ਗਿਣਤੀ ’ਚ ਠੇਕਾ ਕਾਮਿਆਂ ਨੇ ਆਪਣੇ ਪਰਿਵਾਰਾਂ ਸਮੇਤ ਲਗਾਤਾਰ 24 ਘੰਟੇ ਤੋਂ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕੀਤਾ। ਸ਼ੁੱਕਰਵਾਰ ਨੂੰ ਸ਼ੁਰੂ ਕੀਤਾ ਗਿਆ ਧਰਨਾ ਸਾਰੀ ਰਾਤ ਜਾਰੀ ਰਿਹਾ ਤੇ ਸ਼ਨਿਚਰਵਾਰ ਦੁਪਹਿਰੇ ਪੰਜਾਬ ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਮਿਲਣ ਮਗਰੋਂ ਚੁੱਕ ਲਿਆ ਗਿਆ। ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਫੋਨ ਤੇ ਗੱਲ ਕਰਵਾਈ। ਇਸ ਦੌਰਾਨ ਐਤਵਾਰ ਨੂੰ ਸ਼ਾਮ 6 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਦਾ ਸਮਾਂ ਮਿਲਿਆ। ਯੂਨੀਅਨ ਆਗੂ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਕੋਟਲੀ ਨਾਲ ਮੀਟਿੰਗ ਮਗਰੋਂ ਪੰਜਾਬ ਭਵਨ ਚ ਮੀਟਿੰਗ ਦਾ ਸਮਾਂ ਮਿਲਿਆ ਹੈ। ਜੇਕਰ ਮੀਟਿੰਗ ਚ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂਹੁੰਦੀਆਂ ਤਾਂ ਅਗਲਾ ਸੰਘਰਸ਼ ਉਲੀਕਿਆ ਜਾਵੇਗਾ।
ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੇ ਆਪਣੇ ਪਰਿਵਾਰਾਂ ਸਮੇਤ ਸੰਘਣੀ ਧੁੰਦ ਤੇ ਕਹਿਰ ਦੀ ਪੈ ਰਹੀ ਠੰਡ ’ਚ ਧਰਨੇ ’ਤੇ ਡਟੇ ਰਹੇ। ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ ਜਿਸ ਨਾਲ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਵੱਡਾ ਜਾਮ ਲੱਗ ਗਿਆ ਤੇ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਕਈ ਰਾਹਗੀਰ ਰਾਤ ਭਰ ਜਾਮ ’ਚ ਫਸੇ ਰਹੇ
ਪੁਲਿਸ ਨੂੰ ਟ੍ਰੈਫਿਕ ਕੰਟਰੋਲ ਕਰਨ ’ਚ ਵੀ ਕਾਫੀ ਦਿੱਕਤ ਆਈ। ਧਰਨੇ ਵਾਲ਼ੀ ਥਾਂ ’ਤੇ ਡੀਐੱਸਪੀ ਰਾਜਨ ਪਰਮਿੰਦਰ ਸਿੰਘ, ਡੀਐੱਸਪੀ ਹਰਦੀਪ ਸਿੰਘ ਚੀਮਾ ਦੀ ਅਗਵਾਈ ’ਚ ਪੁਲਿਸ ਪਾਰਟੀ ਪਹੁੰਚੀ। ਪੁਲਿਸ ਨੇ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਵੱਖ ਵੱਖ ਰੂਟ ਪਲਾਨ ਬਣਾ ਕੇ ਰਹੀ ਟ੍ਰੈਫਿਕ ਲੰਘਾਈ ਗਈ ਪਰ ਲੋਕਾਂ ਨੂੰ ਇਸ ਜਾਮ ਕਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਕਈ ਕਿਲੋਮੀਟਰ ਤੱਕ ਦੂਰ ਦੂਰਾਡੇ ਰਸਤਿਆ ਰਹੀ ਆਪਣੀ ਮੰਜਿਲ ’ਤੇ ਪੁੱਜਣਾ ਪਿਆ। ਤਹਿਸੀਲਦਾਰ ਨਵਦੀਪ ਸਿੰਘ ਰਾਤ ਸਮੇਂ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪੁੱਜੇ ਪਰ ਕੋਈ ਠੋਸ ਭਰੋਸਾ ਨਾ ਮਿਲਣ ’ਤੇ ਮੁਲਾਜ਼ਮਾਂ ਨੇ ਧਰਨਾ ਖ਼ਤਮ ਨਹੀਂ ਕੀਤਾ।v