ਮਾਨਸਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 10 ਦਸੰਬਰ ਨੂੰ ਮਾਨਸਾ ’ਚ ਹੋਈ ਰੈਲੀ ਦੌਰਾਨ ਇਕ ਡੀਐਸਪੀ ਵਲੋਂ ਹੱਕ ਮੰਗਣ ਵਾਲੇ ਬੇਰੁਜ਼ਗਾਰ ਅਧਿਆਪਕਾਂ ’ਤੇ ਕੀਤੇ ਗਏ ਵਹਿਸ਼ੀਆਨਾ ਲਾਠੀਚਾਰਜ ਦੇ ਮਾਮਲੇ ਦੇ ਗਰਮਾਉਣ ਬਾਅਦ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਲੋਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਅਨਮੋਲ ਸਿੰਘ ਧਾਲੀਵਾਲ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਇਸ ਦੀ ਜਾਂਚ ਕਰਨ ਲਈ ਅਨਮੋਲ ਸਿੰਘ ਧਾਲੀਵਾਲ ਅੱਜ ਮਾਨਸਾ ਦੇ ਬੱਚਤ ਭਵਨ ’ਚ ਪੁੱਜੇ ਤੇ ਜਾਂਚ ਆਰੰਭ ਕਰ ਦਿੱਤੀ ਗਈ। ਇਸ ਪੜਤਾਲ ਦੌਰਾਨ ਘਟਨਾ ਨਾਲ ਸਬੰਧਤ ਪੀੜ੍ਹਤ ਜਾਂ ਪਬਲਿਕ ਦਾ ਕੋਈ ਵੀ ਨੁਮਾਇੰਦਾ ਆਪਣੇ ਬਿਆਨ ਦਰਜ ਕਰਵਾ ਸਕਦਾ ਸੀ।
ਇਸ ਦੌਰਾਨ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਦੇ ਪੀੜ੍ਹਤ ਨੌਜਵਾਨ ਵੀ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ ਜਦੋਂਕਿ ਇਸ ਦੌਰਾਨ ਕੁੱਝ ਜਥੇਬੰਦੀਆਂ ਦੇ ਆਗੂ ਪਹੁੰਚੇ ਹੋਏ ਸਨ। ਗੁਲਜ਼ਾਰ ਸਿੰਘ ਫੁਲੂ ਵਾਲਾ ਡੋਗਰਾ ਨੇ ਦੱਸਿਆ ਕਿ ਸੀਐਮ ਸਕਿਉਰਟੀ ਦੇ ਦਾਇਰੇ ’ਚੋਂ ਆ ਕੇ ਡੀਐਸਪੀ ਗੁਰਮੀਤ ਸਿੰਘ ਵਲੋਂ ਲਾਠੀਆਂ ਵਰ੍ਹਾਈਆਂ ਗਈਆਂ ਜਿਸ ਕਾਰਨ ਉਸ ਬੱਖੀ ਤੇ ਅੰਗੂਠੇ ‘ਤੇ ਵੀ ਸੱਟਾਂ ਲੱਗੀਆਂ। ਹੋਰਾਂ ਨੇ ਵੀ ਇਸ ਦੌਰਾਨ ਆਪਣੇ ਬਿਆਨ ਦਰਜ ਕਰਵਾਏ। ਇਸ ਮੌਕੇ ਪਹੁੰਚੇ ਕੁੱਝ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਉਕਤ ਡੀਐਸਪੀ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਇਹ ਪੰਜਾਬ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ
ਇਸ ਮਾਮਲੇ ’ਚ ਜਾਂਚ ਅਫ਼ਸਰ ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੜਤਾਲ ਕਰਨ ਲਈ ਆਏ ਹਨ। ਉਨ੍ਹਾਂ ਆਪਣੇ ਸਬੂਤ ਅਤੇ ਦਸਤਾਵੇਜ਼ ਦਿੱਤੇ ਜਾਣ ਅਤੇ ਹਫ਼ਤੇ ਦੇ ਅੰਦਰ ਅੰਦਰ ਉਹ ਆਪਣੀ ਇਨਕੁਆਰੀ ਰਿਪੋਰਟ ਜਮ੍ਹਾਂ ਕਰਵਾਉਣਗੇ।