ਨਵਜੋਤ ਸਿੱਧੂ ਦਾ ਚੰਨੀ ਸਰਕਾਰ ‘ਤੇ ਨਿਸ਼ਾਨਾ, ਅੱਜ ਵੀ 25 ਰੁਪਏ ‘ਚ ਮਿਲ ਰਹੀ ਰੇਤ

ਬਠਿੰਡਾ : Punjab Assembly Election 2022 : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਾਗ਼ੀ ਤੇ ਤਿੱਖੇ ਤੇਵਰ ਬਰਕਰਾਰ ਹਨ। ਸੋਮਵਾਰ ਨੂੰ ਇੱਥੇ ਕਾਂਗਰਸ ਦੀ ਰੈਲੀ ਦੌਰਾਨ ਸਿੱਧੂ ਨੇ ਰੇਤੇ ਦੇ ਰੇਟ 5 ਰੁਪਏ ਪ੍ਰਤੀ ਘਣ ਫੁੱਟ ਕਰਨ ਦੇ ਐਲਾਨ ਨੂੰ ਗਲਤ ਦੱਸ ਕੇ ਆਪਣੀ ਹੀ ਸਰਕਾਰ ਨੂੰ ਇਹ ਕਹਿ ਕੇ ਕਟਹਿਰੇ ‘ਚ ਖੜ੍ਹਾ ਕਰ ਦਿੱਤਾ। ਸਿੱਧੂ ਨੇ ਕਿਹਾ ਕਿ ਰੇਤ ਅੱਜ ਵੀ 25 ਰੁਪਏ ਕਿੱਲੋ ਮਿਲ ਰਹੀ ਹੈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਦਿਹਾਤ ਤੋਂ ਹਰਵਿੰਦਰ ਸਿੰਘ ਲਾਡੀ ਨੂੰ ਟਿਕਟ ਦੇਣ ਦਾ ਐਲਾਨ ਵੀ ਕੀਤਾ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗੁਲਾਬੀ ਕੈਟਰਪਿਲਰ ਲਈ 17000 ਨਹੀਂ ਸਗੋਂ 25000 ਰੁਪਏ ਮੁਆਵਜ਼ਾ ਦੇਣਾ ਚਾਹੀਦਾ ਸੀ। ਉਨ੍ਹਾਂ ਰੁਜ਼ਗਾਰ ਮੰਗਣ ਵਾਲਿਆਂ ’ਤੇ ਲਾਠੀਆਂ ਵਰ੍ਹਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਕ ਨੌਕਰੀ ਲਈ ਉਨ੍ਹਾਂ ‘ਤੇ ਡਾਂਗਾ ਨਹੀਂ ਵਰ੍ਹਾਉਣੀ ਚਾਹੀਦੀਆਂ ਜਦਕਿ ਉਹ ਉਨ੍ਹਾਂ ਦੇ ਵਿਚਕਾਰ ਜਾ ਕੇ ਪੜ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ‘ਚੋਂ ਸ਼ਰਾਬ ਅਤੇ ਰੇਤ ਮਾਫੀਆ ਖਤਮ ਹੋ ਜਾਂਦਾ ਹੈ ਤਾਂ ਉਹ ਪੰਜਾਬ ਸਰਕਾਰ ਦੇ ਖਜ਼ਾਨੇ ‘ਚ 40 ਹਜ਼ਾਰ ਕਰੋੜ ਰੁਪਏ ਦੇਣਗੇ। ਸਿੱਧੂ ਨੇ ਕਿਹਾ ਕਿ ਉਹ ਉੱਥੇ ਹੀ ਰੈਲੀ ਕਰਨਗੇ ਜਿੱਥੇ ਇਮਾਨਦਾਰ ਲੋਕ ਹੋਣਗੇ

ਭ੍ਰਿਸ਼ਟਾਚਾਰ ਹੇਠਲੇ ਪੱਧਰ ਤੋਂ ਨਹੀਂ ਬਲਕਿ ਉੱਪਰੋਂ ਰੁਕੇਗੀ

ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਸਿਹਤ ਬਜਟ ‘ਚੋਂ ਹੀ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਗਰਾਊਂਡ ਲੈਵਲ ਤੋਂ ਨਹੀਂ ਬਲਕਿ ਹਾਈ ਲੈਵਲ ਤੋਂ ਰੁਕੇਗਾ। ਇਸ ਲਈ ਉਪਰੋਕਤ ਲੋਕਾਂ ਨੂੰ ਪਹਿਲਾਂ ਬਾਹਰ ਦਾ ਰਸਤਾ ਦਿਖਾਉਣਾ ਪਵੇਗਾ। ਸਿੱਧੂ ਨੇ ਕਿਹਾ ਕਿ ਉਹ ਕਿਸੇ ਵੀ ਵਿਧਾਇਕ ਜਾਂ ਮੰਤਰੀ ਦੇ ਪੁੱਤਰ ਜਾਂ ਰਿਸ਼ਤੇਦਾਰ ਨੂੰ ਨੌਕਰੀ ਨਹੀਂ ਦੇਣਗੇ, ਸਗੋਂ ਉਸ ਕਾਂਗਰਸੀ ਵਰਕਰ ਨੂੰ ਦੇਣਗੇ ਜੋ ਆਖਰੀ ਨੰਬਰ ‘ਤੇ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅੱਜ ਪੰਜਾਬ ਦੀਆਂ ਮਾਰਕੀਟ ਕਮੇਟੀਆਂ ਦਾ ਚੇਅਰਮੈਨ ਕਿਸੇ ਆਮ ਵਰਕਰ ਨੂੰ ਲਾਇਆ ਜਾਵੇ ਤਾਂ ਉਨ੍ਹਾਂ ਦੀ ਸਰਕਾਰ ਕਾਮਯਾਬ ਹੋਵੇਗੀ।