ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਾਣਾ ਮੰਡੀ ਬੰਗਾ ਵਿਖੇ ‘ਗੱਲ ਪੰਜਾਬ ਦੀ ਕਰਨੀ’ ਰੈਲੀ ਦੌਰਾਨ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ ਕਾਂਗਰਸੀਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਹਨ ਅਤੇ ਕੇਜਰੀਵਾਲ ਪੰਜਾਬ ਵਿਚ ਨਜ਼ਰ ਨਹੀਂ ਆਉਣਾ ਹੈ। ਉਨ੍ਹਾਂ ਕਿਹਾ ਕਿ 5 ਸਾਲ ਅਸੀਂ ਵਨਵਾਸ ਕੱਟਿਆ ਹੈ। ਕਾਂਗਰਸ ਦੀ ਨਿਕੰਮੀ ਸਰਕਾਰ ਜਿਹੜੀ ਝੂਠ ‘ਤੇ ਨਿਰਭਰ ਹੈ ਉਸ ਨੇ ਝੂਠੀਆਂ ਕਸਮਾਂ ਖਾ ਕੇ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕੀਤਾ। ਇਸ ਤੋਂ ਸਾਬਤ ਹੋ ਗਿਆ ਹੈ ਕਿ ਜਿਹੜੀਆਂ ਪਾਰਟੀਆਂ ਕਸਮਾਂ ਖਾਂਦੀਆਂ ਹਨ ਉਹ ਤੁਹਾਡੇ ਨਾਲ ਠੱਗੀ ਹੀ ਮਾਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਦੀ ਖਾਤਰ ਸੰਘਰਸ਼ ਕੀਤੇ ਤੇ ਜਲਦੀ ਹੀ ਇਹ ਪਾਰਟੀ ਆਪਣੀ 100ਵੀਂ ਵਰੇ੍ਹਗੰਢ ਮਨਾਉਣ ਜਾ ਰਹੀ ਹੈ
ਕਾਂਗਰਸੀ ਸੋਨੀਆ ਗਾਂਧੀ ਅਤੇ ਆਪ ਵਾਲੇ ਕੇਜਰੀਵਾਲ ਦੇ ਫੈਸਲੇ ਉਡੀਕਦੇ ਹਨ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਵਾਰ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ, ਕਾਂਗਰਸ, ਆਮ ਆਦਮੀ ਪਾਰਟੀ ਤੋਂ ਇਲਾਵਾ ਚੌਥੀ ਭਾਜਪਾ ਵੀ ਮੈਦਾਨ ਵਿਚ ਆ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਐੱਸਐੱਸਪੀ, ਡੀਸੀ ਅਤੇ ਹੋਰਨਾਂ ਅਹਿਮ ਫੈਸਲਿਆਂ ਲਈ ਪਹਿਲਾ ਦਿੱਲੀ ’ਚ ਪਾਰਟੀ ਸੁਪ੍ਰੀਮੋ ਸੋਨੀਆ ਗਾਂਧੀ ਦੇ ਫੈਸਲੇ ਦੀ ਉਡੀਕ ਕਰਦੇ ਰਹਿੰਦੇ ਹਨ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਨੇਤਾ ਵੀ ਕੇਜਰੀਵਾਲ ਵੱਲੋਂ ਲਏ ਫੈਸਲੇ ਦੀ ਉਡੀਕ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਪ ਵੱਲੋਂ ਲਗਾਏ ਇਸ਼ਤਿਹਾਰਾਂ ਤੋਂ ਜਾਪਦਾ ਹੈ ਕਿ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ ਜੋ ਸਕੀਮਾਂ ਦੀ ਗੱਲ ਕਹੀ ਜਾ ਰਹੀ ਹੈ, ਆਪਣੇ 15 ਸਾਲ ਦੇ ਕਾਰਜਕਾਲ ਦੌਰਾਨ ਅਜਿਹੀ ਕੋਈ ਵੀ ਸਕੀਮ ਦਿੱਲੀ ਵਾਸੀਆਂ ਨੂੰ ਨਹੀਂ ਦਿੱਤੀ ਜਾ ਰਹੀ ਹੈ। ਇਸ ਲਈ ਜੋ ਸਕੀਮਾਂ ਉਹ ਪੰਜਾਬ ਦੇ ਲੋਕਾਂ ਲਈ ਜਾਰੀ ਕਰਨਾ ਚਾਹੁੰਦੇ ਹਨ ਉਸ ਨੂੰ ਪਹਿਲਾ ਦਿੱਲੀ ਵਿਚ ਜਾਰੀ ਕਰਨ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਵੱਲੋਂ ਬਾਬੂ ਕਾਂਸ਼ੀ ਰਾਮ ਦੇ ਨਾਂਅ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ।
ਬੰਗਾ ਨੂੰ ਡਾ. ਐੱਸਕੇ ਸੁੱਖੀ ਵਰਗੇ ਇਕ ਵਧੀਆ ਇਨਸਾਨ ਮਿਲੇ ਹਨ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੰਗਾ ਦੇ ਲੋਕ ਭਾਗਸ਼ਾਲੀ ਹਨ ਜਿਨ੍ਹਾਂ ਨੂੰ ਡਾ. ਐੱਸ ਕੇ ਸੁੱਖੀ ਵਰਗੇ ਵਧੀਆ ਇਨਸਾਨ ਮਿਲੇ ਹਨ। ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਵਾਰ ਪੰਜਾਬ ਵਿਚ ਦੋ ਵੱਡੀਆਂ ਤਾਕਤਾਂ ਅਕਾਲੀ-ਬਸਪਾ ਇਕ ਹੋਈਆਂ ਹਨ। ਇੰਨ੍ਹਾਂ ਨਾਲ ਮੇਰੀ ਦਿਲੋਂ ਨਜ਼ਦੀਕੀ ਹੈ। ਇਨ੍ਹਾਂ ਦੀ ਅਗਵਾਈ ਹੇਠ ਬੰਗਾ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ