ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੰਟਰਨੈੱਟ ਮੀਡੀਆ ਤੇ ਕ੍ਰਿਪਟੋਕਰੰਸੀ ’ਤੇ ਮਨਜ਼ੂਰਸ਼ੁਦਾ ਕੌਮਾਂਤਰੀ ਨਿਯਮ ਬਣਾਉਣ ਦੀ ਜ਼ਰੂਰਤ ਦੱਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ’ਚ ਹੋਈ ਡੈਮੋਕ੍ਰੇਸੀ ਸਮਿਟ ਨੂੰ ਵਰਚੁਅਲ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਭਾਰਤ ’ਚ ਲੋਕਤੰਤਰ ਦੀਆਂ ਬੇਹੱਦ ਡੂੰਘੀਆਂ ਜੜ੍ਹਾਂ ਬਾਰੇ ਦੱਸਿਆ ਬਲਕਿ ਲੋਕਤੰਤਰ ਨੂੰ ਹੋਰ ਜ਼ਿਆਦਾ ਕਾਮਯਾਬ ਬਣਾਉਣ ਦਾ ਮੰਤਰ ਵੀ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨਾਗਰਿਕਾਂ ਤੇ ਇੱਥੋਂ ਦੇ ਸਮਾਜ ’ਚ ਲੋਕਤੰਤਰ ਦੀ ਮੂਲ ਭਾਵਨਾ ਦਾ ਵਾਸ ਹੈ ਜੋ ਇਸ ਦੀ ਕਾਮਯਾਬੀ ਦਾ ਕਾਰਨ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਹਾਲ ਦੇ ਦਿਨਾਂ ’ਚ ਕਈ ਵਾਰ ਇੰਟਰਨੈੱਟ ਮੀਡੀਆ ਤੇ ਅੱਤ ਆਧੁਨਿਕ ਤਕਨੀਕ ਦੇ ਵਧਦੇ ਖ਼ਤਰੇ ਬਾਰੇ ਖ਼ਬਰਦਾਰ ਕੀਤਾ ਹੈ। ਇਕ ਦਿਨ ਪਹਿਲਾਂ ਵੀ ਡੈਮੋਕ੍ਰੇਸੀ ਸਮਿਟ ’ਚ ਸ਼ਾਮਿਲ ਹੋਣ ਵਾਲੇ 12 ਦੇਸ਼ਾਂ ਦੇ ਮੁਖੀਆਂ ਨਾਲ ਹੋਈ ਬੈਠਕ ’ਚ ਮੋਦੀ ਨੇ ਟੈਕਨਾਲੋਜੀ ਕੰਪਨੀਆਂ ਨੂੰ ਬੇਨਤੀ ਕੀਤੀ ਸੀ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰੋ। ਸ਼ੁੱਕਰਵਾਰ ਨੂੰ ਵਿਸ਼ਵ ਦੇ 110 ਦੇਸ਼ਾਂ ਦੇ ਸਾਹਮਣੇ ਆਪਣੇ ਵਿਚਾਰ ਰੱਖਦੇ ਹੋਏ ਮੋਦੀ ਨੇ ਕਿਹਾ ਕਿ ਅਸੀਂ ਮਿਲ ਕੇ ਉੱਭਰਦੀ ਹੋਈ ਟੈਕਨਾਲੋਜੀ ਵਰਗੇ ਇੰਟਰਨੈੱਟ ਮੀਡੀਆ ਕ੍ਰਿਪਟੋਕਰੰਸੀ ’ਤੇ ਆਲਮੀ ਨਿਯਮ ਬਣਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਦਾ ਇਸਤੇਮਾਲ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਹੋਵੇ ਨਾ ਕਿ ਉਸ ਨੂੰ ਕਮਜ਼ੋਰ ਕਰਨ ਲਈ। ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਕੁਝ ਦਿਨਾਂ ’ਚ ਭਾਰਤ ’ਚ ਵੀ ਕ੍ਰਿਪਟੋਕਰੰਸੀ ਨੂੰ ਰੈਗੂਲਰ ਕਰਨ ਬਾਰੇ ਕਾਨੂੰਨ ਬਣਾਉਣ ਦਾ ਬਿੱਲ ਸੰਸਦ ’ਚ ਪੇਸ਼ ਹੋਣ ਵਾਲਾ ਹੈ। ਸੂਚਨਾ ਹੈ ਕਿ ਇਸ ਬਾਰੇ ਅੰਤਿਮ ਫ਼ੈਸਲਾ ਕਰਨ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਮੋਦੀ ਨੇ ਹੀ ਨਿਭਾਉਣੀ ਹੈ। ਇਹ ਪਿਛਲੇ ਮਹੀਨੇ ’ਚ ਦੂਜਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਕ੍ਰਿਪਟੋਕਰੰਸੀ ਦਾ ਮੁੱਦਾ ਕੌਮਾਂਤਰੀ ਮੰਚ ’ਤੇ ਉਠਾਇਆ ਹੈ। ਇਸ ਤੋਂ ਪਹਿਲਾਂ ਸਿਡਨੀ ਡਾਇਲਾਗ ’ਚ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਦੀ ਆਪਣੀ ਗੱਲ ਰੱਖੀ ਸੀ
ਲੋਕਤੰਤਰ ਸਿਰਫ਼ ਜਨਤਾ ਲਈ ਨਹੀਂ ਬਲਕਿ ਜਨਤਾ ਦੇ ਨਾਲ ਦੀ ਵੀ ਵਿਵਸਥਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ’ਚ ਲੋਕਤੰਤਰ ਦੀਆਂ ਜੜ੍ਹਾਂ 2,500 ਸਾਲ ਪੁਰਾਣੀਆਂ ਹਨ ਉਦੋਂ ਭਾਰਤ ’ਚ ਲਿੱਛਵੀ ਤੇ ਸ਼ਾਕਯ ਵਰਗੇ ਨਗਰ ਗਣਰਾਜ ਵਿਕਸਤ ਹੋਏ ਸਨ। ਇਸ ਲੋਕਤੰਤਰੀ ਭਾਵਨਾ ਦਾ ਜ਼ਿਕਰ ਵੀ 10ਵੀਂ ਸਦੀ ਦੇ ਸ਼ਿਲਾਲੇਖ ’ਚ ਉੱਤਰਾਮੇਰੂਰ ’ਚ ਵੀ ਹੈ। ਸਦੀਆਂ ਦੀ ਵਿਦੇਸ਼ੀ ਸੱਤਾ ਵੀ ਭਾਰਤੀਆਂ ’ਚ ਲੋਕਤੰਤਰ ਦੀ ਭਾਵਨਾ ਨੂੰ ਖ਼ਤਮ ਨਹੀਂ ਕਰ ਸਕੀ। ਆਜ਼ਾਦੀ ਤੋਂ ਬਾਅਦ ਭਾਰਤੀਆਂ ’ਚ ਇਹ ਭਾਵਨਾ ਖ਼ੂਬ ਦੇਖਣ ਨੂੰ ਮਿਲੀ ਤੇ ਇਸ ਨੇ ਪਿਛਲੇ 75 ਸਾਲਾਂ ਦੌਰਾਨ ਲੋਕਤੰਤਰੀ ਰਾਸ਼ਟਰ ਬਣਾਉਣ ਦੇ ਇਤਿਹਾਸਕ ਕੰਮ ’ਚ ਮਦਦ ਕੀਤੀ ਹੈ। ਭਾਰਤ ਸਿੱਖਿਆ, ਸਿਹਤ ਤੇ ਦੂਜੇ ਖੇਤਰਾਂ ’ਚ ਲਗਾਤਾਰ ਸੁਧਾਰ ਕਰ ਰਿਹਾ ਹੈ। ਭਾਰਤ ਨੇ ਦੁਨੀਆ ਨੂੰ ਸਾਫ਼ ਸੰਦੇਸ਼ ਦਿੱਤਾ ਹੈ ਕਿ ਲੋਕਤੰਤਰ ਕੰਮ ਕਰ ਸਕਦਾ ਹੈ, ਲੋਕਤੰਤਰ ਨੇ ਕੰਮ ਕੀਤਾ ਹੈ ਤੇ ਇਹ ਅੱਗੇ ਵੀ ਕੰਮ ਕਰਦਾ ਰਹੇਗਾ।
ਬਹੁਲਵਾਦੀ ਸਿਆਸੀ ਪਾਰਟੀਆਂ ਵਾਲੀ ਵਿਵਸਥਾ, ਸੁਤੰਤਰਤ ਨਿਆਪਾਲਿਕਾ ਤੇ ਮੁਕਤ ਮੀਡੀਆ ਨੂੰ ਉਨ੍ਹਾਂ ਨੇ ਲੋਕਤੰਤਰ ਨੂੰ ਮੂਲ ਤੱਤ ਦੱਸਦੇ ਹੋਏ ਕਿਹਾ ਕਿ ਲੋਕਤੰਤਰ ਸਿਰਫ਼ ਜਨਤਾ ਦੀ ਹੈ, ਜਨਤਾ ਲਈ ਤੇ ਜਨਤਾ ਵੱਲੋਂ ਵਿਵਸਥਾ ਹੀ ਨਹੀਂ ਹੈ ਬਲਕਿ ਇਹ ਜਨਤਾ ਦੇ ਨਾਲ ਹੀ ਜਨਤਾ ਦੇ ਵਿਚ ਵਾਲੀ ਵਿਵਸਥਾ ਵੀ ਹੈ। ਮੋਦੀ ਨੇ ਬਾਰਤ ਵੱਲੋਂ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਲੋਕਤੰਤਰ ਦੇ ਆਪਣੇ ਤਜਰਬੇ ਸਾਂਝੇ ਕਰਨ ਦੀ ਪੇਸ਼ਕਸ਼ ਕੀਤੀ। ਖ਼ਾਸ ਤੌਰ ’ਤੇ ਭਾਰਤ ਸੁਤੰਤਰ ਤੇ ਨਿਰਪੱਖ ਚੋਣ ਕਰਵਾਉਣ ਤੇ ਡਿਜੀਟਲ ਮਾਧਿਅਮ ਦੀ ਮਦਦ ਨਾਲ ਗਵਰਨੈਂਸ ਸੁਧਾਰਨ ’ਚ ਦੂਜੇ ਦੇਸ਼ਾਂ ਨਾਲ ਆਪਣੀ ਮੁਹਾਰਜ ਸਾਂਝੀ ਕਰ ਸਕਦਾ ਹੈ।