ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਦੀ ਏਜੰਸੀ ਪੇਡਾ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਸੋਲਰ ਪੰਪ ਸਕੀਮ ਹਲਕਾ ਫਤਹਿਗੜ੍ਹ ਸਾਹਿਬ ਲਈ ਵਰਦਾਨ ਸਾਬਤ ਹੋਈ ਹੈ। ਪੰਜਾਬ ਸਰਕਾਰ ਵਲੋਂ ਇਹ ਸਕੀਮ ਸੂਬੇ ਦੇ 100 ਪਿੰਡਾਂ ਲਈ ਸ਼ੁਰੂ ਕੀਤੀ ਗਈ ਸੀ ਪਰ ਵਿਧਾਇਕ ਕੁਲਜੀਤ ਸਿੰਘ ਦੇ ਯਤਨਾਂ ਸਦਕਾ ਇਸ ਸਕੀਮ ’ਚੋਂ 78 ਸੋਲਰ ਪੰਪ ਹਲਕਾ ਫਤਹਿਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਦੇ ਛੱਪੜਾਂ ’ਤੇ ਹੀ ਲੱਗ ਗਏ। ਇਨ੍ਹਾਂ ’ਤੇ ਕਰੀਬ 70 ਲੱਖ 20 ਹਜਾਰ ਖਰਚ ਕੀਤੇ ਗਏ ਹਨ ਕਿਉਂਕਿ ਇਕ ਸੋਲਰ ਪੰਪ ’ਤੇ ਸਬਸਿਡੀ ਸਮੇਤ 90 ਹਜਾਰ ਦਾ ਖਰਚਾ ਆਇਆ ਹੈ। ਇਹ ਪੰਪ ਲੱਗਣ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਈ ਉੱਥੇ ਬਿਜਲੀ ਅਤੇ ਖਾਦ ਦੀ ਵੀ ਬੱਚਤ ਹੋਈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਕਾਰਨ ਜਿਆਓਲੋਜੀ ਵਿਭਾਗ ਵਲੋਂ ਜ਼ਿਲ੍ਹੇ ਨੂੰ ਡਾਰਕ ਜ਼ੋਨ ਐਲਾਨਿਆ ਗਿਆ ਸੀ। ਇਸ ਕਰਕੇ ਜਦੋਂ ਪੇਡਾ ਏਜੰਸੀ ਨੇ ਇਹ ਸਕੀਮ ਸ਼ੁਰੂ ਹੀ ਕੀਤੀ ਤਾਂ ਕੁਲਜੀਤ ਸਿੰਘ ਨਾਗਰਾ ਨੇ ਹਲਕੇ ਦੀਆਂ 78 ਪਿੰਡਾਂ ਦੀ ਪੰਚਾਇਤਾਂ ਤੋਂ ਮਤੇ ਪੁਆ ਕੇ ਆਨਲਾਈਨ ਐਪਲੀਕੇਸ਼ਨਾਂ ਅਪਲਾਈ ਕਰਵਾ ਦਿੱਤੀਆਂ ਜੋ ਪਾਸ ਹੋ ਗਈਆਂ। ਸੋਲਰ ਪੰਪ ਹਲਕੇ ਦੇ ਪਿੰਡਾਂ ’ਚ ਨਵੰਬਰ 2020 ’ਚ ਲੱਗਣੇ ਸ਼ੁਰੂ ਹੋ ਗਏ ਸਨ ਤੇ ਝੋਨੇ ਦੀ ਲੁਆਈ ਤੋਂ ਪਹਿਲਾਂ ਅਪ੍ਰੈਲ 2021 ਤਕ ਲੱਗ ਚੁੱਕੇ ਸਨ।
ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜਸਵੀਰ ਸਿੰਘ ਮੁਤਾਬਕ ਪਿੰਡਾਂ ਦੇ ਛੱਪੜਾਂ ’ਤੇ ਲੱਗੇ ਸੋਲਰ ਪੰਪਾਂ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਉੱਥੇ ਬਿਜਲੀ ਦੀ ਵੀ ਬੱਚਤ ਹੋਵੇਗੀ ਤੇ ਖਾਦਾਂ ਦਾ ਖਰਚਾ ਵੀ ਘਟੇਗਾ ਕਿਉਂਕਿ ਪਿੰਡਾਂ ਛੱਪੜਾਂ ਦੇ ਪਾਣੀ ’ਚ ਨਾਈਟ੍ਰੋਜਨ, ਕੈਲਸ਼ੀਅਮ, ਫਾਸਫੋਰਸ ਵਗੈਰਾ ਘੁਲਿਆ ਹੁੰਦਾ ਹੈ ਜੋ ਫਸਲਾਂ ਲਈ ਲਾਭਦਾਇਕ ਹੁੰਦਾ ਹੈ ਜਿਸ ਨਾਲ ਜਿੱਥੇ ਖਾਦਾਂ ਦੀ ਬੱਚਤ ਹੁੰਦੀ ਹੈ ਉੱਥੇ ਫਸਲ ਦਾ ਝਾੜ ਵੀ ਵਧਦਾ ਹੈ।
ਜਸਵੀਰ ਸਿੰਘ ਨੇ ਦੱਸਿਆ ਕਿ ਇਹ ਸੋਲਰ ਪੰਪ ਲੱਗਣ ਨਾਲ ਝੋਨੇ ਦੀ ਫਸਲ ਪਾਲਣ ਲਈ ਜਿੱਥੇ ਬਿਜਲੀ ਦੀ ਬੱਚਤ ਹੋਈ ਹੈ ਉੱਥੇ ਝੋਨੇ ਦੀ ਸੀਜਨ ਤੋਂ ਬਾਅਦ ਇਨ੍ਹਾਂ ਸੋਲਰ ਪੰਪਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਪਾਵਰਕਾਮ ਨੂੰ ਦਿੱਤੀ ਜਾਵੇਗੀ ਜੋ ਵਾਪਸ ਲੈ ਕੇ ਇਸ ਨਾਲ ਪਿੰਡਾਂ ਦੀਆਂ ਸਟਰੀਟ ਲਾਈਟਾਂ ਚਲਾਈਆਂ ਜਾਣਗੀਆਂ ਜਿਸ ਨਾਲ ਪੰਚਾਇਤਾਂ ਨੂੰ ਬਿਜਲੀ ਦੇ ਬਿਲਾਂ ਤੋਂ ਛੁਟਕਾਰਾ ਮਿਲੇਗਾ।
ਜਸਵੀਰ ਸਿੰਘ ਨੇ ਦੱਸਿਆ ਕਿ ਪਹਿਲਾ ਸੀਜਨ ਹੋਣ ਕਰਕੇ ਇਸ ਵਾਰ ਕਿਸਾਨਾਂ ਨੂੰ ਛੱਪੜਾਂ ਦਾ ਪਾਣੀ ਮੁਫਤ ਦਿੱਤਾ ਗਿਆ ਹੈ ਪਰ ਜਦੋਂ ਪਾਣੀ ਦੀ ਮੰਗ ਵਧੇਗੀ ਤਾਂ ਇਹ ਪਾਣੀ ਕਿਸਾਨਾਂ ਨੂੰ ਕਿਫਾਇਤੀ ਮੁੱਲ ’ਤੇ ਦਿੱਤਾ ਜਾਵੇਗਾ ਜਿਸ ਕਰਕੇ ਕਿਸਾਨਾਂ ਨੂੰ ਮਹਿੰਗੇ ਮੁੱਲ ਦੇ ਸਬਮਰਸੀਬਲਾਂ ਤੋਂ ਵੀ ਛੁਟਕਾਰਾ ਮਿਲੇਗਾ।