ਡਨ : ਇਕ ਰੋਹਿੰਗਿਆ ਸ਼ਰਨਾਰਥੀ ਨੇ ਇੰਟਰਨੈੱਟ ਮੀਡੀਆ ਦੇ ਸਭ ਤੋਂ ਵੱਡੇ ਪਲੇਟਫਾਰਮ ਫੇਸਬੁੱਕ ‘ਤੇ 150 ਅਰਬ ਡਾਲਰ (ਲਗਪਗ 11 ਲੱਖ ਕਰੋੜ ਰੁਪਏ) ਦੇ ਹਰਜਾਨੇ ਦਾ ਮੁਕੱਦਮਾ ਠੋਕ ਦਿੱਤਾ ਹੈ। ਇਸ ਰੋਹਿੰਗਿਆ ਸ਼ਰਨਾਰਥੀ ਨੇ ਫੇਸਬੁੱਕ ‘ਤੇ ਮੁਕੱਦਮਾ ਮਿਆਂਮਾਰ ਦੇ ਫ਼ੌਜੀ ਸ਼ਾਸਕ ਤੇ ਉਸ ਦੇ ਸਮਰਥਕਾਂ ਦੇ ਸਥਾਨਕ ਮੁਸਲਿਮ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਹਿੰਸਾ ਨੂੰ ਜਾਇਜ਼ ਠਹਿਰਾਉਣ ਤੇ ਉਨ੍ਹਾਂ ਦੇ ਭਾਈਚਾਰੇ ਖ਼ਿਲਾਫ਼ ਨਫ਼ਰਤ ਭਰੀ ਵਿਸ਼ਾ ਸਮੱਗਰੀ ਦਾ ਪ੍ਰਸਾਰ ਰੋਕਣ ‘ਚ ਨਾਕਾਮ ਰਹਿਣ ‘ਤੇ ਕੀਤਾ ਹੈ।
ਰੋਹਿੰਗਿਆ ਦੇ ਵਕੀਲਾਂ ਨੇ ਅਮਰੀਕੀ ਸੂਬੇ ਕੈਲੀਫੋਰਨੀਆ ‘ਚ ਬੀਤੇ ਸੋਮਵਾਰ ਨੂੰ ਫੇਸਬੁੱਕ ਦੀ ਮੁੱਖ ਕੰਪਨੀ ਮੇਟਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਕੇਸ ‘ਚ ਦੋਸ਼ ਲਗਾਇਆ ਗਿਆ ਹੈ ਕਿ ਮਿਆਂਮਾਰ ‘ਚ ਫੇਸਬੁੱਕ ਦੇ ਆਉਣ ਤੋਂ ਬਾਅਦ ਤੋਂ ਹੀ ਹਿੰਸਾ ਤੇ ਨਫ਼ਰਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਫੇਸਬੁੱਕ ਜ਼ਰੀਏ ਉੱਥੇ ਹਿੰਸਾ ਫੈਲਾਈ ਗਈ, ਨਫ਼ਰਤ ਭਰੇ ਭਾਸ਼ਣ ਤੇ ਗ਼ਲਤ ਜਾਣਕਾਰੀਆਂ ਨਾਲ ਭਰਮ ਫੈਲਾਏ ਗਏ। ਇਸੇ ਦਾ ਨਤੀਜਾ ਹੋਇਆ ਕਿ ਮਿਆਂਮਾਰ ‘ਚ ਵੱਡੇ ਪੈਮਾਨੇ ‘ਤੇ ਰੋਹਿੰਗਿਆਂ ਭਾਈਚਾਰੇ ਦਾ ਕਤਲੇਆਮ ਹੋਇਆ। ਇਸੇ ਤਰ੍ਹਾਂ ਬਰਤਾਨੀਆ ਦੀ ਰਾਜਧਾਨੀ ਲੰਡਨ ‘ਚ ਵੀ ਰੋਹਿੰਗਿਆ ਦੇ ਵਕੀਲਾਂ ਨੇ ਇਕ ਕਾਨੂੰਨੀ ਨੋਟਿਸ ਭੇਜਿਆ ਹੈ।
ਮਿਆਂਮਾਰ ‘ਚ ਵੱਡੇ ਪੈਮਾਨੇ ‘ਤੇ ਹੋਏ ਕਤਲੇਆਮ ਦੀ ਸਾਲਾਂ ਦੀ ਛਾਣਬਾਣ ਤੇ ਬਦਲਾਵਾਂ ਦੇ ਬਾਵਜੂਦ ਫੇਸਬੁੱਕ ਦੇ ਹਾਲ ਦੇ ਅੰਦਰੂਨੀ ਦਸਤਾਵੇਜ਼ਾਂ ਤੋਂ ਜ਼ਾਹਿਰ ਹੋਇਆ ਹੈ ਕਿ ਕੰਪਨੀ ਹੁਣ ਵੀ ਨਫ਼ਰਤ ਭਰੇ ਭਾਸ਼ਣਾਂ ਤੇ ਮਿਆਂਮਾਰ ਬਾਰੇ ਸੂਚਨਾਵਾਂ ਨੂੁੰ ਸਹੀ ਤਰੀਕੇ ਨਾਲ ਦੇ ਸਕਣ ‘ਚ ਨਾਕਾਮ ਹੈ। ਇਸ ਸਾਲ ਬੀਤੀ ਇਕ ਫਰਵਰੀ ਤੋਂ ਫ਼ੌਜ ਦੇ ਤਖ਼ਤਾ ਪਲਟ ਤੋਂ ਬਾਅਦ ਤੋਂ ਉੱਥੇ ਹੋ ਰਹੇ ਲੋਕਾਂ ਦੇ ਸ਼ੋਸ਼ਣ ਸਬੰਧੀ ਜਾਣਕਾਰੀਆਂ ਵੀ ਫੇਸਬੁੱਕ ਸਹੀ ਤਰੀਕੇ ਨਾਲ ਨਹੀਂ ਦੇ ਰਿਹਾ। ਇਸ ਮੁਕੱਦਮੇ ‘ਚ ਦੋਸ਼ ਲਗਾਇਆ ਗਿਆ ਕਿ ਫੇਸਬੁੱਕ ਨੇ ਸਥਾਨਕ ਭਾਸ਼ਾ ਜਾਣਨ ਵਾਲੇ ਤੇ ਕੰਟੈਂਟ ਦੀ ਸਹੀ ਪਰਖ ਕਰਨ ਵਾਲਿਆਂ ਨੂੰ ਨਹੀ ਰੱਖਿਆ ਤੇ ਗ਼ਲਤ ਤੇ ਭਰਮ ਫੈਲਾਉਣ ਵਾਲੀਆਂ ਜਾਣਕਾਰੀਆਂ ਨਾਲ ਮਿਆਂਮਾਰ ‘ਚ ਰੋਹਿੰਗਿਆ ਖ਼ਿਲਾਫ਼ ਨਫ਼ਰਤ ਦਾ ਜ਼ਹਿਰ ਫੈਲਦਾ ਰਿਹਾ।
ਕੇਸ ਕਰਨ ਵਾਲੇ ਰੋਹਿੰਗਿਆ ਦਾ ਦਾਅਵਾ ਹੈ ਕਿ ਫੇਸਬੁੱਕ ਦੇ ਸਾਬਕਾ ਮੁਲਾਜ਼ਮ ਤੇ ਵਿ੍ਹਸਲ ਬਲੋਅਰ ਫਰਾਂਸ ਹੇਗਨ ਵੱਲੋਂ ਕੰਪਨੀ ਦੇ ਅੰਦਰੂਨੀ ਦਸਤਾਵੇਜ਼ਾਂ ਦੇ ਆਧਾਰ ‘ਤੇ ਦਿੱਤੀਆਂ ਗਈਆਂ ਜਾਣਕਾਰੀਆਂ ਦੇ ਆਧਾਰ ‘ਤੇ ਹੀ ਫੇਸਬੁੱਕ ਨੰੂ ਅਮਰੀਕੀ ਕਾਂਗਰਸ ਤੇ ਸੁਰੱਖਿਆ ਰੈਗੂਲੇਟਰੀ ਦੇ ਅੱਗੇ ਜਵਾਬ ਦੇਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਰੋਹਿੰਗਿਆ ਮਿਆਂਮਾਰ ‘ਚ ਰਵਾਇਤੀ ਮੁਸਲਿਮ ਸਮੂਹ ਹੈ ਜਿਸ ਨੂੰ 2017 ‘ਚ ਭਾਰੀ ਹਿੰਸਾ ਦਾ ਸਾਹਮਣਾ ਕਰਨ ਤੋਂ ਬਾਅਦ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ। ਲੱਖਾਂ ਦੀ ਤਾਦਾਦ ‘ਚ ਰੋਹਿੰਗਿਆ ਸ਼ਰਨਾਰਥੀ ਮਿਆਂਮਾਰ ਛੱਡ ਕੇ ਗੁਆਂਢੀ ਦੇਸ਼ ਬੰਗਲਾਦੇਸ਼ ‘ਚ ਪਨਾਹ ਲੈਣ ਲਈ ਮਜਬੂਰ ਹੋ ਗਏ।