ਪੰਜਾਬ ‘ਚ ਰੇਲਵੇ ਟਰੈਕਾਂ ‘ਤੇ ਜੰਮੇ ਕਿਸਾਨ, ਪੰਜ ਟ੍ਰੇਨਾਂ ਰੋਕੀਆਂ, ਲੋਕ ਪਰੇਸ਼ਾਨ

ਲੁਧਿਆਣਾ :  ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਟਰੈਕਾਂ ‘ਤੇ ਕਿਸਾਨ ਧਰਨੇ ‘ਤੇ ਬੈਠ ਗਏ ਹਨ। ਕਿਸਾਨਾਂ ਨੇ ਸ਼ਾਮ 4 ਵਜੇ ਤਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੋਇਆ ਹੈ। ਰੂਪਨਗਰ, ਫਿਰੋਜ਼ਪੁਰ, ਮੋਗਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਆਦਿ ‘ਚ ਕਿਸਾਨ ਰੇਲਵੇ ਟ੍ਰੈਕਾਂ ਉੱਪਰ ਬੈਠ ਗਏ ਹਨ। ਫਿਰੋਜ਼ਪੁਰ ਮੰਡਲ ‘ਚ ਕਿਸਾਨਾਂ ਨੇ ਪੰਜ ਟ੍ਰੇਨਾਂ ਦਾ ਸੰਚਾਲਨ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਇਸ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰੋਜ਼ਪੁਰ ਤੋਂ ਹਨੂਮਾਨਗੜ੍ਹ ਨੂੰ ਫਿਰੋਜ਼ਪੁਰ ਕੈਂਟ, ਫਿਰੋਜ਼ਪੁਰ ਕੈਂਟ ਤੋਂ ਫਾਜ਼ਿਲਕਾ ਨੂੰ ਫਿਰੋਜ਼ਪੁਰ ਕੈਂਟ, ਫਾਜ਼ਿਲਕਾ ਤੋਂ ਫਿਰੋਜ਼ਪੁ ਕੈਂਟ ਨੂੰ ਜਲਾਲਾਬਾਦ ‘ਚ ਰੋਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਕੈਂਟ ਤੋਂ ਲੁਧਿਆਣਾ ਨੂੰ ਮੋਗਾ ‘ਚ ਰੋਕ ਦਿੱਤਾ ਗਿਆ ਹੈ। ਐੱਸਏਐੱਸ ਨਗਰ ਮੋਹਾਲੀ ਤੋਂ ਫਿਰੋਜ਼ਪੁਰ ਕੈਂਟ ਨੂੰ ਲੁਧਿਆਣਾ ‘ਚ ਰੋਕ ਦਿੱਤਾ ਗਿਆ ਹੈ। ਕਿਸਾਨਾਂ ਨੇ ਅੰਮ੍ਰਿਤਸਰ-ਦਾਦਰ ਐਕਸਪ੍ਰੈੱਸ ਨੂੰ ਵੀ ਰੋਕ ਦਿੱਤਾ ਹੈ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਸੰਘਰਸ਼ ਤੇ ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਰੇਲ ਰੋਕੋ ਪ੍ਰੋਗਰਾਮ ਤਹਿਤ ਸ੍ਰੀ ਮੁਕਤਸਰ ਸਾਹਿਬ ’ਚ ਮੁਕਤਸਰ ਰੇਵਲੇ ਸਟੇਸ਼ਨ ’ਤੇ ਵੱਡੀ ਗਿਣਤੀ ਕਿਸਾਨਾਂ ਨੇ ਧਰਨਾ ਲਾਇਆ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਮੋਗਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਗੱਡੀਆਂ ਦੀਆਂ ਲਾਈਨਾਂ ਉਪਰ ਧਰਨਾ ਲਗਾਇਆ ਗਿਆ। ਇਸ ਮੌਕੇ ਧਰਨੇ ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਰਣਜੀਤ ਸਿੰਘ ਨਿਧਾਂਵਾਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਅੱਜ ਡਗਰੂ ਰੇਲਵੇ ਲਾਈਨਾਂ ਉੱਤੇ 10 ਵਜੇ ਤੋਂ 4 ਵਜੇ ਤੱਕ ਧਰਨਾ ਦਿੱਤਾ । ਇਸ ਰੇਲ ਜਾਮ ਧਰਨੇ ਵਿੱਚ ਇਲਾਕੇ ਦੇ ਪਿੰਡਾਂ ਤੋਂ ਸੈਂਕੜੇ ਲੋਕ ਪੁੱਜੇ ।

ਲਹਿਰਾਗਾਗਾ. ਸੰਯੁਕਤ ਮੋਰਚੇ ਵੱਲੋਂ ਦੇਸ਼ ਭਰ ਵਿੱਚ ਰੇਲ ਰੋਕੋ ਦੇ ਸੱਦੇ ਤੇ ਲਹਿਰਾਗਾਗਾ ਵਿਖੇ ਹਿਸਾਰ – ਲੁਧਿਆਣਾ ਰੇਲਵੇ ਲਾਇਨ ਤੇ 10 ਵਜੇ ਤੋਂ ਲੈ ਕੇ 4 ਵਜੇ ਤਕ ਧਰਨਾ ਦਿੱਤਾ ਗਿਆ। ਰੇਲ ਲਾਈਨ ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ, ਕਿ ਲਖਮੀਮਪੁਰ.ਖੀਰੀ ਵਿਖੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਲੜਕੇ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਗੱਡੀਆਂ ਚੜ੍ਹਾ ਕੇ ਪੰਜ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਹੀਦ ਕਰ ਦਿੱਤਾ ਗਿਆ। ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕਰਨ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਰੇਲ ਰੋਕੂ ਅੰਦੋਲਨ ਦਾ ਪ੍ਰੋਗਰਾਮ ਦਿੱਤਾ ਗਿਆ।

ਪਟਿਆਲਾ : ਕਿਸਾਨਾਂ ਵਲੋਂ ਪਟਿਆਲਾ ਰੇਲਵੇ ਸਟੇਸ਼ਨ ਦੇ ਰੇਲਵੇ ਟ੍ਰੈਕਾਂ ’ਤੇ ਧਰਨਾ ਲਗਾ ਕੇ ਰੇਲਾਂ ਰੋਕ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰ ਤੇ ਯੂਪੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਓਧਰ ਦੂਜੇ ਪਾਸੇ ਰੇਲ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀ ਕਿਸਾਨਾ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਤੇ ਤਿੰਨੋ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਂਕ ਉਹ ਪ੍ਰਦਰਸ਼ਨ ਕਰਦੇ ਰਹਿਣਗੇ।

ਜਲੰਧਰ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ ਹੋਏ ਹਾਦਸੇ ਲਈ ਜ਼ਿੰਮੇਵਾਰ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੀ ਗਿਰਫਤਾਰੀ ਦੀ ਮੰਗ ਨੂੰ ਕਰਦਿਆਂ ਸਯੁੰਕਤ ਕਿਸਾਨ ਮੋਰਚੇ ਵਲੋਂ ਰੇਲ ਰੋਕੋ ਜਾਉਣ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਵਲੋਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਨੇੜੇ ਦਕੋਹਾ ਫਾਟਕ ਵਿਖੇ ਧਰਨਾ ਲਾਇਆ ਗਿਆ ।ਇਹ ਧਰਨਾ ਸਵੇਰ 10 ਵਜੇ ਤੋਂ ਸ਼ੁਰੂ ਕੀਤਾ ਗਿਆ ਹੈ ਤੇ ਸ਼ਾਮੀ 4 ਵਜੇ ਖਤਮ ਕੀਤਾ ਜਾਵੇਗਾ।ਇਸ ਦੌਰਾਨ ਕਿਸਾਨਾਂ ਵਲੋਂ ਚੰਡੀਗੜ੍ਹ ਅੰਮ੍ਰਿਤਸਰ ਐਕਸਪ੍ਰੈਸ ਨੂੰ ਰੋਕ ਕੇ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ।

ਫਤਿਹਗੜ੍ਹ ਸਾਹਿਬ : ਕਿਸਾਨ ਸੰਯੁਕਤ ਕਿਸ ਮੋਰਚੇ ਦੇ ਸੱਦੇ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਰੇਲਵੇ ਸਟੇਸ਼ਨ ਸਰਹਿੰਦ ‘ਤੇ ਰੇਲ ਗੱਡੀਆਂ ਰੋਕ ਕੇ ਰੋਸ ਕੀਤਾ। ਕਿਸਾਨ ਆਗੂਆਂ ਨੇ ਕਿਹਾ ਜਦੋਂ ਤੱਕ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੇ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੂੰ ਬਰਖ਼ਾਸਤ ਕਰ ਕੇ ਉਸ ‘ਤੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤਕ ਕਿਸਾਨ ਸੰਘਰਸ਼ ਜਾਰੀ ਰਹੇਗਾ ਬੇਸ਼ੱਕ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਨੂੰਨ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਕਰੀਬ ਇਕ ਸਾਲ ਤੋਂ ਦਿੱਲੀ ਦੇ ਵੱਖ ਵੱਖ ਬਰਡਰਾਂ ‘ਤੇ ਬੈਠੇ ਸੰਘਰਸ਼ ਕਰ ਰਹੇ ਹਾਂ ਜਿਸ ਕਰਕੇ ਕਰੀਬ 700 ਕਿਸਾਨਾਂ ਦੀ ਸ਼ਹਾਦਤ ਹੋ ਚੁਕੀ ਹੈ ਪਰ ਅਜੇ ਵੀ ਕੇਂਦਰ ਸਰਕਾਰ ਗੂੜੀ ਨੀਂਦ ਸੁੱਤੀ ਪਈ ਹੈ।

ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ‘ਰੇਲ ਰੋਕੋ’ ਦਿਵਸ ਨੂੰ ਮੁੱਖ ਰੱਖਦੇ ਹੋਏ ਫਿਰੋਜ਼ਪੁਰ ਰੇਲਵੇ ਮੰਡਲ ਆਰਪੀਐਫ ਦੇ ਸਹਾਇਕ ਸੁਰੱਖਿਆ ਕਮਿਸ਼ਨਰ ਨੇ ਡਿਪਟੀ ਚੀਫ ਕੰਟਰੋਲਰ ਨੂੰ ਪੱਤਰ ਲਿਖਿਆ ਸੀ। ਪੱਤਰ ’ਚ ਉਨ੍ਹਾਂ ਫਿਰੋਜ਼ਪੁਰ ਰੇਲਵੇ ਮੰਡਲ ਦੇ ਸਟੇਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਆਰਪੀਐਫ ਦੇ ਥਾਣਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਰੇਲਵੇ ਲਾਈਨਾਂ ਤੋਂ ਇਲਾਵਾ ਰੇਲਵੇ ਪ੍ਰਾਪਰਟੀ ਤੇ ਯਾਤਰੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ।

ਦੂਜੇ ਪਾਸੇ ਜੀਆਰਪੀ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 18 ਅਕਤੂਬਰ ਨੂੰ ਰੇਲਵੇ ਫਾਟਕਾਂ ਜਾਂ ਹੋਰ ਥਾਵਾਂ ਤੇ ਧਰਨੇ ਦੇਣ ਤੇ ਰੇਲਾਂ ਰੋਕਣ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਸ ਸਬੰਧ ’ਚ ਥਾਣਾ ਜੀਆਰਪੀ ਦੇ ਐੱਸਐੱਚਓ ਬਲਬੀਰ ਸਿੰਘ ਨੇ ਦੱਸਿਆ ਕਿ ਕਿਸਾਨ ਮੋਰਚਾ ਵੱਲੋਂ 11 ਰੇਲਵੇ ਸਟੇਸ਼ਨਾਂ ਤੇ ਫਾਟਕਾਂ ’ਤੇ ਧਰਨੇ ਲਾਏ ਜਾਣੇ ਹਨ ਜਿੱਥੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਉੱਥੇ ਫੋਰਸ ਤਾਇਨਾਤ ਕਰਨ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।