Punjab Congress: ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਮੰਗਲਵਾਰ ਲਗਾਤਾਰ ਦੂਜੇ ਦਿਨ ਕਾਂਗਰਸ ਹਾਈਕਮਾਨ ਨੇ ਝਟਕਾ ਦਿੱਤਾ। ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਵੱਖ–ਵੱਖ ਕਮੇਟੀਆਂ ਦੀ ਕਮਾਨ ਸਾਬਕਾ ਮੰਤਰੀਆਂ ਨੂੰ ਸੌਂਪਣ ਤੋਂ ਬਾਅਦ ਹਾਈਕਮਾਨ ਨੇ ਹੁਣ ਸਿੱਧੂ ਵੱਲੋਂ ਤਿਆਰ ਕੀਤੀ 22 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਨੂੰ ਨਜ਼ਰਅੰਦਾਜ਼ ਕਰਦਿਆਂ 22 ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ।
ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਕੋਆਰਡੀਨੇਟਰਾਂ ਦੀ ਚੋਣ ਵੇਲੇ ਸਿੱਧੂ ਦੀ ਰਾਏ ਨਹੀਂ ਲਈ ਗਈ, ਕਿਉਂਕਿ ਸਿੱਧੂ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਬਣਾਉਣ ਸਮੇਂ ਸੂਬੇ ਦੇ ਕਿਸੇ ਵੀ ਸੀਨੀਅਰ ਆਗੂ ਨਾਲ ਸਲਾਹ ਨਹੀਂ ਕੀਤੀ ਸੀ। ਪੰਜਾਬ ਮਾਮਲਿਆਂ ਦੇ ਮੁਖੀ ਹਰੀਸ਼ ਚੌਧਰੀ ਨੇ ਮੰਗਲਵਾਰ ਨੂੰ 22 ਜ਼ਿਲ੍ਹਾ ਕੋਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ। ਇਨ੍ਹਾਂ ਸਾਰੇ ਕੋਆਰਡੀਨੇਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੂੰ ਸੂਬੇ ਦੇ ਸੀਨੀਅਰ ਆਗੂਆਂ ਤੇ ਸਬੰਧਤ ਜ਼ਿਲ੍ਹਿਆਂ ਦੇ ਕਾਂਗਰਸੀ ਵਿਧਾਇਕਾਂ ਨਾਲ ਤਾਲਮੇਲ ਕਰਨ ਲਈ ਵੀ ਕਿਹਾ ਗਿਆ ਹੈ, ਤਾਂ ਜੋ ਚੋਣ ਪ੍ਰਚਾਰ ਦੌਰਾਨ ਸਥਾਨਕ ਮੁੱਦਿਆਂ ਨੂੰ ਅੱਖੋਂ ਪ੍ਰੋਖੇ ਨਾ ਕੀਤਾ ਜਾਵੇ। ਇਸ ਦੌਰਾਨ ਪਾਰਟੀ ਸੂਤਰਾਂ ਅਨੁਸਾਰ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹਾਈਕਮਾਨ ਵੱਲੋਂ ਸਿੱਧੂ ਦੇ ਫ਼ੈਸਲਿਆਂ ਨੂੰ ਦਰਕਿਨਾਰ ਕਰਨ ਦਾ ਸਿਲਸਿਲਾ ਹਾਲ ਹੀ ‘ਚ ਸ਼ੁਰੂ ਹੋ ਗਿਆ ਹੈ। ਜਾਖੜ ਨੇ ਰਾਹੁਲ ਨੂੰ ਸਾਫ਼ ਕਿਹਾ ਸੀ ਕਿ ਸਿੱਧੂ ਦੀ ਕਾਰਜਪ੍ਰਣਾਲੀ ਕਾਰਨ ਪਾਰਟੀ ਦੇ ਆਗੂਆਂ ਤੇ ਵਿਧਾਇਕਾਂ ‘ਚ ਗੁੱਸਾ ਵਧ ਰਿਹਾ ਹੈ।