ਸੱਤਾ ਵਿੱਚ ਆਉਣ ਉੱਤੇ ਹਫਤੇ ਵਿੱਚ ਚਾਰ ਦਿਨ ਕੰਮ ਕਰਨ ਦਾ ਪ੍ਰਬੰਧ ਕਰਾਂਗੇ : ਡੈਲ ਡੂਕਾ

ਓਨਟਾਰੀਓ : ਓਨਟਾਰੀਓ ਲਿਬਰਲਾਂ ਦਾ ਕਹਿਣਾ ਹੈ ਕਿ ਜੇ ਉਹ ਜੂਨ 2022 ਵਿੱਚ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਹਫਤੇ ਵਿੱਚ ਚਾਰ ਦਿਨ ਕੰਮ ਕਰਨ ਦਾ ਪ੍ਰਬੰਧ ਕਰਨਗੇ। ਇਹ ਸੋਚ ਕਿੰਨੀ ਕਾਰਗਰ ਹੈ ਇਸ ਦਾ ਉਹ ਵਿਸ਼ਲੇਸ਼ਣ ਕਰਵਾਉਣਗੇ।
ਲਿਬਰਲ ਪਾਰਟੀ ਦੇ ਪ੍ਰੋਵਿੰਸ਼ੀਅਲ ਆਗੂ ਸਟੀਵਨ ਡੈਲ ਡੂਕਾ ਨੇ ਐਤਵਾਰ ਦੁਪਹਿਰ ਨੂੰ ਪਾਰਟੀ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਇਸ ਪ੍ਰਸਤਾਵ ਦਾ ਐਲਾਨ ਕੀਤਾ।ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਨਿਊਜ਼ੀਲੈਂਡ, ਜਾਪਾਨ ਤੇ ਸਪੇਨ ਵਿੱਚ ਵੀ ਰਿਸਰਚ ਚੱਲ ਰਹੀ ਹੈ। ਉਨ੍ਹਾਂ ਆਖਿਆ ਕਿ ਅਸੀਂ ਅਜਿਹੀ ਪਾਰਟੀ ਹਾਂ ਜਿਹੜੀ ਸਾਇੰਸ, ਮਹਾਰਤ ਤੇ ਸਬੂਤਾਂ ਦੇ ਆਧਾਰ ਉੱਤੇ ਫੈਸਲੇ ਕਰਨ ਵਿੱਚ ਯਕੀਨ ਰੱਖਦੀ ਹੈ।ਇਸ ਲਈ ਅਸੀਂ ਖੁੱਲ੍ਹੇ ਤੇ ਪਾਰਦਰਸ਼ੀ ਢੰਗ ਨਾਲ ਇਸ ਸਬੰਧੀ ਅੰਕੜੇ ਇੱਕਠੇ ਕਰਨੇ ਚਾਹੰੁਦੇ ਹਾਂ।
ਹਫਤੇ ਵਿੱਚ ਚਾਰ ਦਿਨ ਕੰਮ ਕਰਨ ਤੋਂ ਭਾਵ ਹੋਵੇਗਾ ਪੰਜ ਦਿਨਾਂ ਜਿੰਨਾਂ ਹੀ ਕੰਮ ਚਾਰ ਦਿਨਾਂ ਵਿੱਚ ਮੁਕਾਉਣਾ।ਇਸ ਨਾਲ ਸਿ਼ਫਟਾਂ ਦਰਮਿਆਨ ਲੋਕਾਂ ਨੂੰ ਵੱਡੀ ਬ੍ਰੇਕ ਮਿਲ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਦੀ ਇੱਕ ਕੰਪਨੀ ਨੇ ਇਸ ਤਰ੍ਹਾਂ ਦੀ ਪ੍ਰੈਕਟਿਸ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਇਹ ਪ੍ਰੈਕਟਿਸ ਕੁੱਝ ਸਮੇਂ ਲਈ ਹੈ ਪਰ ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਲੋਕ ਕੰਮ ਕਰਦੇ ਹੋਏ ਅੱਕਦੇ ਥੱਕਦੇ ਨਹੀਂ ਤੇ ਉਤਪਾਦਨ ਉੱਤੇ ਇਸ ਦਾ ਕੋਈ ਗਲਤ ਅਸਰ ਨਹੀਂ ਪੈ ਰਿਹਾ।