ਪਿਛਲੇ ਕਾਰਜਕਾਲ ਦੌਰਾਨ ਮਨਜ਼ੂਰ ਕਰਵਾਏ ,ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਨੂੰ ਨੇਪਰੇ ਚੜ੍ਹਾਇਆ ਜਾਵੇਗਾ – ਡਾ: ਧਰਮਵੀਰ ਗਾਂਧੀ  


ਭੁਨਰਹੇੜੀ, ਪਟਿਆਲਾ 22 ਅਪ੍ਰੈਲ (ਕ੍ਰਿਸ਼ਨ ਗਿਰ)
ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾ: ਧਰਮਵੀਰ ਗਾਂਧੀ ਵੱਲੋਂ ਜਾਰੀ ਪ੍ਰੈੱਸ ਬਿਆਨ ‘ਚ ਕਿਹਾ ਗਿਆ ਹੈ ਕਿ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਉਹਨਾਂ ਦਾ ਸੁਪਨਮਈ ਪ੍ਰਾਜੈਕਟ ਹੈ ਜਿਸ ਨੂੰ ਆਪਣੇ ਪਿਛਲੇ ਕਾਰਜਕਾਲ ਦੌਰਾਨ ਉਹਨਾਂ ਵੱਲੋਂ ਦਿਨ-ਰਾਤ ਇੱਕ ਕਰਕੇ ਕੇਂਦਰ ਤੋਂ ਪੰਜਾਬ ਲਈ ਮਨਜ਼ੂਰ ਕਰਵਾਇਆ ਸੀ ਪਰ ਸੂਬਾ ਸਰਕਾਰਾਂ ਅਤੇ ਟਰਾਂਸਪੋਰਟ ਮਾਫ਼ੀਆ ਦੀ ਮਿਲੀਭੁਗਤ ਕਾਰਨ ਓਹ ਪ੍ਰਾਜੈਕਟ ਅਜੇ ਤੱਕ ਨੇਪਰੇ ਨਹੀਂ ਚੜ੍ਹ ਸਕਿਆ।

ਇਸ ਰੇਲ ਲਿੰਕ ਦੇ ਬਣਨ ਨਾਲ਼ ਮਾਲਵਾ ਖਿੱਤੇ ਦੇ ਕਈ ਜ਼ਿਲ੍ਹਿਆਂ ਨੂੰ ਫ਼ਾਇਦਾ ਪੁੱਜੇਗਾ ਅਤੇ ਖ਼ਾਸਕਰ ਪਟਿਆਲਾ ਤੋਂ ਚੰਡੀਗੜ੍ਹ ਲੋਕ ਸਿੱਧੇ ਟ੍ਰੇਨ ਰਾਹੀਂ ਜਾ ਸਕਣਗੇ। ਲੋਕਾਂ ਨੂੰ ਸਸਤਾ,ਆਰਾਮਦਾਇਕ,ਤੇਜ਼ ਅਤੇ ਆਸਾਨ ਸਫ਼ਰ ਮੁਹਈਆ ਕਰਵਾਉਣ ਲਈ ਓਹ ਵਚਨਬੱਧ ਹਨ।

ਇਸ ਲਈ ਜੇਕਰ ਪਟਿਆਲਾ ਤੋਂ ਉਹ ਸੰਸਦ ਮੈਂਬਰ ਵਜੋਂ ਜਿੱਤਕੇ ਜਾਂਦੇ ਹਨ ਤਾਂ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਜੀ-ਜਾਨ ਲਗਾ ਦੇਣਗੇ।

ਇਸਤੋਂ ਇਲਾਵਾ ਪਟਿਆਲਾ-ਜਾਖਲ ਰੇਲਵੇ ਲਿੰਕ ਸਥਾਪਿਤ ਕਰਵਾਉਣ ਲਈ ਵੀ ਉਹ ਕੰਮ ਕਰਨਗੇ। ਆਪਣੇ ਪਿਛਲੇ ਕਾਰਜਕਾਲ ਦੌਰਾਨ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਮਨਜ਼ੂਰ ਕਰਵਾਉਣ ਤੋਂ ਇਲਾਵਾ ਉਹਨਾਂ ਵੱਲੋਂ ਵਿਸ਼ੇਸ਼ ਯਤਨ ਕਰਕੇ ਕਰੀਬ 2000 ਕਰੋੜ ਰੁਪਏ ਦੀ ਗ੍ਰਾਂਟ ਨਾਲ਼ ਰਾਜਪੁਰਾ ਤੋਂ ਬਠਿੰਡਾ  ਰੇਲਵੇ ਦੇ ਡਬਲ ਲਾਈਨ ਅਤੇ ਬਿਜਲਈਕਰਨ ਦਾ ਪ੍ਰਾਜੈਕਟ ਲਿਆਂਦਾ ਗਿਆ ਜੋ ਅੱਜ ਲਗਭਗ ਬਣ ਕੇ ਤਿਆਰ ਹੈ। ਇਸਤੋਂ ਇਲਾਵਾ ਪਟਿਆਲੇ ‘ਚ ਪਾਸਪੋਰਟ ਦਫ਼ਤਰ ਖੁਲਵਾਉਣ ਨੂੰ ਵੀ ਉਹਨਾਂ ਨੇ ਆਪਣੇ ਕਾਰਜਕਾਲ ਦੀ ਉਪਲਬਧੀ ਵਜੋਂ ਦਰਜ ਕੀਤਾ। 

ਡਾ: ਗਾਂਧੀ ਨੇ ਕਿਹਾ ਕਿ ਮੈਨੂੰ ਹਰ ਵਰਗ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਲੋਕ ਮੇਰੇ ਕਿਰਦਾਰ,ਸੰਘਰਸ਼ਮਈ ਇਤਿਹਾਸ ਅਤੇ ਲੋਕ ਸੇਵਾ ਦੇ ਕੰਮਾਂ ਨੂੰ ਧਿਆਨ ‘ਚ ਰੱਖਦਿਆਂ ਜ਼ਰੂਰ ਭਰੋਸਾ ਜਿਤਾਉਣਗੇ। 

ਇਸ ਦੌਰਾਨ ਡਾ: ਗਾਂਧੀ ਨੂੰ ਮਿਲਣ ਲਈ ਵਰਕਰਾਂ ਅਤੇ ਆਮ ਲੋਕਾਂ ਦੀ ਵੱਡੀ ਭੀੜ ਮੌਜੂਦ ਸੀ।