ਵਾਸ਼ਿੰਗਟਨ ‘ਚ ਪਾਕਿਸਤਾਨੀ ਦੂਤਘਰ ਕੋਲ ਤਨਖ਼ਾਹ ਦੇਣ ਲਈ ਵੀ ਪੈਸੇ ਨਹੀਂ

ਨਵੀਂ ਦਿੱਲੀ: ਖ਼ਸਤਾਹਾਲ ਪਾਕਿਸਤਾਨ ਦਾ ਹਾਲ ਇਹ ਹੈ ਕਿ ਉਸ ਦੇ ਵਾਸ਼ਿੰਗਟਨ ਸਥਿਤ ਪਾਕਿਸਤਾਨੀ ਦੂਤਘਰ ਕੋਲ ਏਨੇ ਪੈਸੇ ਵੀ ਨਹੀਂ ਹਨ ਕਿ ਉਹ ਮੁਲਾਜ਼ਮਾਂ ਨੂੰ ਤਨਖ਼ਾਹ ਦੇ ਸਕੇ। ਖ਼ਬਰਾਂ ਮੁਤਾਬਕ ਦੂਤਘਰ ਦੇ ਕੁਝ ਮੁਲਾਜ਼ਮਾਂ ਨੂੰ ਚਾਰ ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ। ਹਾਲਾਂਕਿ ਪਾਕਿਸਤਾਨੀ ਦੂਤਘਰ ਦੇ ਅਧਿਕਾਰੀ ਇਨ੍ਹਾਂ ਖ਼ਬਰਾਂ ਸਬੰਧੀ ਸਵਾਲਾਂ ਤੋਂ ਬਚਦੇ ਨਜ਼ਰ ਆਏ। ਖ਼ਬਰਾਂ ਮੁਤਾਬਕ ਦੂਤਘਰ ‘ਚ ਰੱਖੇ ਗਏ ਸਥਾਨਕ ਮੁਲਾਜ਼ਮਾਂ ਨੂੰ ਇਸ ਸਾਲ ਅਗਸਤ ਤੋਂ ਤਨਖ਼ਾਹ ਜਾਂ ਤਾਂ ਨਹੀਂ ਮਿਲੀ ਜਾਂ ਸਮੇਂ ‘ਤੇ ਨਹੀਂ ਮਿਲ ਰਹੀ। ਦੂਤਘਰ ‘ਚ 10 ਸਾਲ ਤੋਂ ਕੰਮ ਕਰ ਰਹੇ ਇਕ ਮੁਲਾਜ਼ਮ ਨੇ ਤਾਂ ਤਨਖ਼ਾਹ ਨਾ ਮਿਲਣ ਕਾਰਨ ਸਤੰਬਰ ‘ਚ ਅਸਤੀਫ਼ਾ ਦੇ ਦਿੱਤਾ। ਇਨ੍ਹਾਂ ਸਥਾਨਕ ਲੋਕਾਂ ਨੂੰ 2000 ਤੋਂ 2500 ਡਾਲਰ ਪ੍ਰਤੀ ਮਹੀਨਾ ਦੀ ਤਨਖ਼ਾਹ ‘ਤੇ ਠੇਕੇ ‘ਤੇ ਰੱਖਿਆ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਦੇ ਬਰਾਬਰ ਸਹੂਲਤਾਂ ਨਹੀਂ ਮਿਲਦੀਆਂ। ਇਨ੍ਹਾਂ ਮੁਲਾਜ਼ਮਾਂ ਨੂੰ ਵੀਜ਼ਾ ਪਾਸਪੋਰਟ ਤੇ ਹੋਰ ਸੇਵਾਵਾਂ ‘ਚ ਮਦਦ ਕਰਨ ਲਈ ਰੱਖਿਆ ਗਿਆ ਹੈ।

ਸੂਤਰਾਂ ਮੁਤਾਬਕ ਇਨ੍ਹਾਂ ਮੁਲਾਜ਼ਮਾਂ ਨੂੰ ਪਾਕਿਸਤਾਨ ਕਮਿਊਨਿਟੀ ਵੈੱਲਫੇਅਰ ਫੰਡ (ਪੀਸੀਡਬਲਯੂ) ਤੋਂ ਤਨਖ਼ਾਹ ਮਿਲਦੀ ਹੈ। ਜਾਣਕਾਰ ਸੂਤਰਾਂ ਮੁਤਾਬਕ ਕੋਰੋਨਾ ਸੰਕਟ ਕਾਰਨ ਇਸ ਫੰਡ ਦੀ ਵਰਤੋਂ ਵੈਂਟੀਲੇਟਰ ਤੇ ਹੋਰ ਸਾਜ਼ੋ-ਸਾਮਾਨ ਖ਼ਰੀਦਣ ‘ਚ ਹੋਈ। ਇਸ ਕਾਰਨ ਇਸ ਫੰਡ ‘ਚ ਏਨੇ ਪੈਸੇ ਨਹੀਂ ਬਚੇ ਕਿ ਮੁਲਾਜ਼ਮਾਂ ਨੂੰ ਸਹੀ ਤਰੀਕੇ ਨਾਲ ਤਨਖ਼ਾਹ ਮਿਲ ਸਕੇ। ਤਨਖ਼ਾਹ ਦੇਣ ਲਈ ਦੂਤਘਰ ਨੂੰ ਹੋਰਨਾਂ ਖਾਤਿਆਂ ‘ਚੋਂ ਕਰਜ਼ਾ ਲੈਣਾ ਪੈ ਰਿਹਾ ਹੈ