ਇਜ਼ਰਾਇਲੀ ਸਪਾਈਵੇਅਰ ਨਾਲ ਅਮਰੀਕੀ ਨਾਗਰਿਕ ਦੀ ਜਾਸੂਸੀ ਦਾ ਪਹਿਲਾ ਮਾਮਲਾ

ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ 11 ਅਧਿਕਾਰੀਆਂ ਦੇ ਮੋਬਾਈਲ ਫੋਨ ਹੈਕ ਕੀਤੇ ਜਾਣ ਦੀ ਸੂਚਨਾ ਹੈ। ਪਤਾ ਲੱਗਾ ਹੈ ਕਿ ਇਹ ਫੋਨ ਇਜ਼ਰਾਈਲ ਦੇ ਐੱਨਐੱਸਓ ਗਰੁੱਪ ਦੇ ਚਰਚਿਤ ਪੈਗਾਸਸ ਸਾਫਟਵੇਅਰ ਦੀ ਵਰਤੋਂ ਕਰ ਕੇ ਹੈਕ ਕੀਤੇ ਗਏ। ਜ਼ਿਕਰਯੋਗ ਹੈ ਕਿ ਭਾਰਤ ਸਮੇਤ ਕਈ ਦੇਸ਼ਾਂ ’ਚ ਪੈਗਾਸਸ ਦੀ ਵਰਤੋਂ ਕਰ ਕੇ ਜਾਸੂਸੀ ਕੀਤੇ ਜਾਣ ਦੀ ਚਰਚਾ ਹੈ।

ਜਿਨ੍ਹਾਂ ਅਮਰੀਕੀ ਅਧਿਕਾਰੀਆਂ ਦੇ ਫੋਨ ਹੈਕ ਕਰ ਕੇ ਉਨ੍ਹਾਂ ਦੀ ਗੱਲਬਾਤ ਤੇ ਚੈਟ ਨੂੰ ਸੁਣਿਆ ਦੇਖਿਆ ਗਿਆ, ਇਹ ਸਾਰੇ ਯੁਗਾਂਡਾ ’ਚ ਤਾਇਨਾਤ ਹਨ। ਹੈਕਿੰਗ ਦੇ ਸ਼ਿਕਾਰ ਹੋਏ ਅਧਿਕਾਰੀਆਂ ’ਚ ਕਈ ਅਮਰੀਕੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ। ਜਿਸ ਵਿਅਕਤੀ ਨੇ ਫੋਨ ਹੈਕ ਹੋਣ ਦੀ ਜਾਣਕਾਰੀ ਦਿੱਤੀ ਹੈ, ਉਹ ਅਮਰੀਕੀ ਵਿਦੇਸ਼ ਮੰਤਰਾਲੇ ਨਾਲ ਜੁੜਿਆ ਹੋਇਆ ਹੈ ਪਰ ਉਸ ਨੂੰ ਸੂਚਨਾਵਾਂ ਜਨਤਕ ਕਰਨ ਦਾ ਅਧਿਕਾਰ ਨਹੀਂ ਹੈ। ਇਜ਼ਰਾਈਲੀ ਕੰਪਨੀ ਦੇ ਪੈਗਾਸਸ ਸਪਾਈਵੇਅਰ ਦਾ ਅਮਰੀਕੀ ਨਾਗਰਿਕ ਖ਼ਿਲਾਫ਼ ਇਸਤੇਮਾਲ ਦਾ ਇਹ ਪਹਿਲਾ ਮਾਮਲਾ ਹੈ। ਹਾਲੇ ਇਹ ਪਤਾ ਨਹੀਂ ਲੱਗਾ ਹੈ ਕਿ ਇਸ ਹੈਕਿੰਗ ਪਿੱਛੇ ਕੌਣ ਹੈ ਤੇ ਉਸ ਨੂੰ ਕਿਸ ਤਰ੍ਹਾਂ ਦੀਆਂ ਸੂਚਨਾਵਾਂ ਦੀ ਤਲਾਸ਼ ਸੀ

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ, ਸਾਡੇ ਲਈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਨਿੱਜੀ ਖੇਤਰ ਦੀ ਕੰਪਨੀ ਐੱਨਐੱਸਓ ਦੇ ਵੇਚੇ ਗਏ ਸਾਫਟਵੇਅਰ ਅਮਰੀਕੀ ਲੋਕਾਂ ਦੀ ਜਾਸੂਸੀ ਲਈ ਇਸਤੇਮਾਲ ਹੋ ਰਹੇ ਹਨ। ਇਹ ਸਾਡੀ ਸੁਰੱਖਿਆ ਲਈ ਖ਼ਤਰਨਾਕ ਹੈ। ਕਰੀਬ ਇਕ ਮਹੀਨਾ ਪਹਿਲਾਂ ਹੈਕਿੰਗ ਦੇ ਇਸ ਮਾਮਲੇ ਦੀ ਜਾਣਕਾਰੀ ਅਮਰੀਕੀ ਏਜੰਸੀਆਂ ਨੂੰ ਹੋਈ। ਇਸ ਤੋਂ ਬਾਅਦ ਅਮਰੀਕਾ ਦੇ ਵਣਜ ਮੰਤਰਾਲੇ ਨੇ ਐੱਨਐੱਸਓ ਨੂੰ ਬਲੈਕ ਲਿਸਟ ’ਚ ਪਾ ਦਿੱਤਾ ਸੀ। ਕੰਪਨੀ ਦੇ ਅਮਰੀਕੀ ਤਕਨੀਕ ਦੀ ਵਰਤੋਂ ’ਤੇ ਰੋਕ ਲਗਾ ਦਿੱਤੀ ਗਈ ਸੀ। ਇਸੇ ਦੇ ਨਾਲ ਐਪਲ ਨੇ ਆਪਣੇ ਆਈਫੋਨ ਹੈਕ ਕਰਵਾਉਣ ਲਈ ਐੱਨਐੱਸਓ ਗਰੁੱਪ ’ਤੇ ਮੁਕੱਦਮਾ ਕਰ ਦਿੱਤਾ।

ਐੱਨਐੱਸਓ ਗਰੁੱਪ ਨੇ ਕਿਹਾ ਕਿ ਉਹ ਆਪਣੇ ਸਾਫਟਵੇਅਰ ਸਿਰਫ਼ ਰਜਿਸਟਰਡ ਗਾਹਕਾਂ ਤੇ ਸਰਕਾਰਾਂ ਨੂੰ ਹੀ ਵੇਚਦਾ ਹੈ। ਉਸ ਨੂੰ ਨਹੀਂ ਪਤਾ ਕਿ ਅਮਰੀਕੀ ਅਧਿਕਾਰੀਆਂ ਦੇ ਫੋਨ ਕੌਣ ਸੁਣ ਦੇਖ ਰਿਹਾ ਸੀ। ਕੰਪਨੀ ਕੋਲ ਅਜਿਹੀ ਕੋਈ ਵਿਵਸਥਾ ਨਹੀਂ ਹੈ ਜਿਸ ’ਚ ਉਹ ਜਾਣ ਸਕੇ ਕਿ ਖ਼ਰੀਦੇ ਗਏ ਸਾਫਟਵੇਅਰ ਦਾ ਕਿਸ ਦੇ ਖ਼ਿਲਾਫ਼ ਇਸਤੇਮਾਲ ਹੋ ਰਿਹਾ ਹੈ।