ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਕ ਵਿਆਪਕ ਪਹਿਲ ’ਤੇ ਕੰਮ ਕਰ ਰਹੇ ਹਨ, ਜਿਸ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਯੂਕ੍ਰੇਨ ’ਤੇ ਹਮਲਾ ਕਰਨਾ ਬਹੁਤ ਔਖਾ ਹੋ ਜਾਵੇਗਾ।
ਬਾਇਡਨ ਨੇ ਪੱਤਰਕਾਰਾਂ ਨੂੰ ਕਿਹਾ, ‘ਯੂਕ੍ਰੇਨ ਦੇ ਮੁੱਦੇ ’ਤੇ ਅਸੀਂ ਸਭ ਨੂੰ ਇਕ ਮੰਚ ’ਤੇ ਲਿਆ ਰਹੇ ਹਾਂ ਤੇ ਮੈਨੂੰ ਲਗਦਾ ਹੈ ਕਿ ਇਹ ਪੁਤਿਨ ਨੂੰ ਕਦਮ ਵਧਾਉਣ ਤੋਂ ਰੋਕਣ ਲਈ ਵਿਆਪਕ ਪਹਿਲ ਹੋਵੇਗੀ। ਰੂਸੀ ਰਾਸ਼ਟਰਪਤੀ ਲਈ ਯੂਕ੍ਰੇਨ ’ਤੇ ਹਮਲਾ ਕਰਨਾ ਬੇਹੱਦ ਮੁਸ਼ਕਲ ਹੋਵੇਗਾ।’ ਯੂਕ੍ਰੇਨ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ’ਚ ਸ਼ਾਮਲ ਨਾ ਹੋਣ ਦੇਣ ਸਬੰਧੀ ਸ਼ਰਤ ’ਤੇ ਬਾਇਡਨ ਨੇ ਕਿਹਾ, ‘ਮੈਂ ਰੂਸ ਦੀ ਲਕਸ਼ਮਣ ਰੇਖਾ (ਰੈੱਡ ਲਾਈਨ) ਜਿਹੀ ਕੋਈ ਸ਼ਰਤ ਸਵੀਕਾਰ ਨਹੀਂ ਕਰਦਾ
ਅਗਲੇ ਹਫ਼ਤੇ ਹੋ ਸਕਦੀ ਹੈ ਬਾਇਡਨ-ਪੁਤਿਨ ਦੀ ਗੱਲਬਾਤ
ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਕੋਵ ਨੇ ਕਿਹਾ ਕਿ ਆਨਲਾਈਨ ਗੱਲਬਾਤ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਰਾਸ਼ਟਰਪਤੀ ਪੁਤਿਨ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਬਾਇਡਨ ਦਰਮਿਆਨ ਅਗਲੇ ਹਫ਼ਤੇ ਗੱਲਬਾਤ ਹੋ ਸਕਦੀ ਹੈ। ਉਧਰ, ਅਗਲੇ ਹਫ਼ਤੇ ਬਾਇਡਨ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦਰਮਿਆਨ ਵੀ ਗੱਲਬਾਤ ਪ੍ਰਸਤਾਵਿਤ ਹੈ।
ਅਮਰੀਕੀ ਖ਼ੁਫ਼ੀਆ ਏਜੰਸੀ ਨੇ ਕਿਹਾ, ਯੂਕ੍ਰੇਨ ’ਤੇ ਹਮਲੇ ਦੀ ਤਿਆਰੀ ਕਰ ਰਿਹੈ ਰੂਸ
ਅਮਰੀਕੀ ਖ਼ੁਫ਼ੀਆ ਏਜੰਸੀ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਰੂਸ ਯੂਕ੍ਰੇਨ ’ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਬਾਇਡਨ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ, ਖ਼ੁਫ਼ੀਆ ਏਜੰਸੀ ਦਾ ਜਾਇਜ਼ਾ ਹੈ ਕਿ ਰੂਸ, ਯੂਕ੍ਰੇਨ ਦੀ ਸਰਹੱਦ ’ਤੇ 1.75 ਲੱਖ ਸੈਨਿਕਾਂ ਦੀ ਤਾਇਨਾਤੀ ਕਰਨ ਜਾ ਰਿਹਾ ਹੈ। ਇਨ੍ਹਾਂ ’ਚ ਅੱਧੇ ਸੈਨਿਕਾਂ ਨੂੰ ਤਾਇਨਾਤ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਰੂਸ ਹਥਿਆਰਾਂ ਤੇ ਆਧੁਨਿਕ ਸੈਨਿਕ ਉਪਕਰਨਾਂ ਨਾਲ 100 ਬਟਾਲੀਅਨ ਨੂੰ ਸਰਹੱਦ ’ਤੇ ਉਤਾਰਨਾ ਚਾਹ ਰਿਹਾ ਹੈ। ਹਮਲੇ ਤੋਂ ਪਹਿਲਾਂ ਰੂਸ ਇੰਟਰਨੈੱਟ ਮੀਡੀਆ ਰਾਹੀਂ ਯੂਕ੍ਰੇਨ ਤੇ ਨਾਟੋ ਨੂੰ ਬਦਨਾਮ ਕਰਨ ਦਾ ਵੀ ਯਤਨ ਕਰ ਰਿਹਾ ਹੈ। ਖ਼ੁਫ਼ੀਆ ਵਿਭਾਗ ਦੀ ਇਹ ਰਿਪੋਰਟ ਸਭ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਨੂੰ ਮਿਲੀ ਸੀ। ਉਧਰ, ਯੂਕ੍ਰੇਨ ਦੇ ਰੱਖਿਆ ਮੰਤਰੀ ਓਲੈਕਸੀ ਰੇਜਨੀਕੋਵ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਰੂਸ ਨੇ ਆਪਣੇ ਕਬਜ਼ੇ ਵਾਲੇ ਕ੍ਰੀਮੀਆ ਤੇ ਯੂਕ੍ਰੇਨ ਦੀ ਸਰਹੱਦ ’ਚ 94 ਹਜ਼ਾਰ ਸੈਨਿਕ ਇਕੱਠੇ ਕੀਤੇ ਹਨ। ਉਨ੍ਹਾਂ ਨੇ ਵੀ ਸ਼ੰਕਾ ਪ੍ਰਗਟਾਈ ਕਿ ਰੂਸ ਜਨਵਰੀ ’ਚ ਹਮਲਾ ਕਰ ਸਕਦਾ ਹੈ।
ਰੂਸ ਨੇ ਮੀਡੀਆ ਰਿਪੋਰਟ ਨੂੰ ਕੀਤਾ ਖ਼ਾਰਜ
ਰਾਇਟਰ ਮੁਤਾਬਕ ਰੂਸ ਨੇ ਅਮਰੀਕੀ ਖ਼ੁਫ਼ੀਆ ਵਿਭਾਗ ਦੇ ਹਵਾਲੇ ਨਾਲ ਪ੍ਰਕਾਸ਼ਿਤ ਯੂਕ੍ਰੇਨ ’ਤੇ ਹਮਲੇ ਦੀ ਤਿਆਰੀ ਸਬੰਧੀ ਮੀਡੀਆ ਰਿਪੋਰਟ ਨੂੰ ਖ਼ਾਰਜ ਕਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਗ਼ਲਤ ਦੋਸ਼ ਲਗਾ ਕੇ ਅਮਰੀਕਾ ਹਾਲਾਤ ਵਿਗਾੜਨਾ ਚਾਹੁੰਦਾ ਹੈ।