ਕਾਲਜ ਜਾ ਰਹੀ ਦਲਿਤ ਮੁਟਿਆਰ ਨਾਲ ਸਮੂਹਿਕ ਜਬਰ ਜਨਾਹ, ਥਾਣੇ ’ਚ ਪੀੜਤਾ ਨੂੰ ਧਮਕਾਇਆ

 ਜੈਪੁਰ : ਰਾਜਸਥਾਨ ਦੇ ਭਰਤਪੁਰ ’ਚ ਕਾਲਜ ’ਚ ਪੜ੍ਹਨ ਜਾ ਰਹੀ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੀ 19 ਸਾਲਾ ਲੜਕੀ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮੁਕੱਦਮਾ ਦਰਜ ਕਰਨ ਦੀ ਬਜਾਏ ਪੀੜਤਾ ਨੂੁੰ ਧਮਕਾਇਆ ਗਿਆ। ਦੋਸ਼ ਹੈ ਕਿ ਥਾਣਾ ਮੁਖੀ ਸ਼ਰਵਣ ਪਾਠਕ ਨੇ ਪੀੜਤਾ ਨੂੰ ਧਮਕਾ ਕੇ ਵਾਪਸ ਭੇਜ ਦਿੱਤਾ। ਥਾਣੇ ’ਚ ਇਨਸਾਫ਼ ਨਾ ਮਿਲਣ ’ਤੇ ਪੀੜਤਾ ਦੇ ਪਰਿਵਾਰਕ ਮੈਂਬਰ ਐੱਸਪੀ ਦੇਵੇਂਦਰ ਬਿਸ਼ਨੋਈ ਕੋਲ ਸ਼ਿਕਾਇਤ ਲੈ ਕੇ ਪਹੁੰਚੇ। ਸ਼ੁਰੂਆਤ ਜਾਂਚ ਤੋਂ ਬਾਅਦ ਬਿਸ਼ਨੋਈ ਨੇ ਉਚੈਨ ਦੇ ਥਾਣਾ ਮੁਖੀ ਸ਼ਰਵਣ ਪਾਠਕ ਨੂੰ ਬਰਖ਼ਾਸਤ ਕਰ ਦਿੱਤਾ ਹੈ।

ਪੀੜਤਾ ਨੇ ਐੱਸਪੀ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਹ 29 ਨਵੰਬਰ ਨੂੰ ਘਰੋਂ ਕਾਲਜ ਜਾ ਰਹੀ ਤਾਂ ਰਸਤੇ ’ਚ ਪਿੰਡ ਦੇ ਦੋ ਨੌਜਵਾਨ ਹਿੰਮਤ ਤੇ ਭਗਵਾਨ ਮੋਟਰਸਾਈਕਲ ’ਤੇ ਤੇ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਬਿਠਾ ਲਿਆ। ਉਨ੍ਹਾਂ ਉਸ ਦਾ ਮੂੰਹ ਬੰਦ ਕਰਨ ਦੇ ਨਾਲ ਹੀ ਉਸ ਨਾਲ ਕੁੱਟਮਾਰ ਵੀ ਕੀਤੀ। ਮੂੰਹ ’ਚ ਕੱਪੜਾ ਪਾਏ ਜਾਣ ਕਾਰਨ ਉਹ ਬੇਹੋਸ਼ ਹੋ ਗਈ। ਦੋਵਾਂ ਨੇ ਉਸ ਨੂੰ ਜੰਗਲ ’ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ। ਉਸ ਨੇ ਵਿਰੋਧ ਕੀਤਾ ਤਾਂ ਦੋਵਾਂ ਨੇ ਉਸ ਨਾਲ ਕੁੱਟਮਾਰ ਕਰਦੇ ਹੋਏ ਕਿਸੇ ਨੂੰ ਘਟਨਾ ਬਾਰੇ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਤੋਂ ਬਾਅਦ ਉਹ ਉਸ ਨੂੁੰ ਕਾਲਜ ਨੇੜੇ ਛੱਡ ਕੇ ਫ਼ਰਾਰ ਹੋ ਗਏ। ਡਰ ਕਾਰਨ ਉਸ ਨੇ ਪਹਿਲੇ ਦਿਨ ਤਾਂ ਕਿਸੇ ਨੂੰ ਮਾਮਲੇ ਬਾਰੇ ਦੱਸਿਆ ਨਹੀਂ। ਅਗਲੇ ਦਿਨ ਉਹ ਕਾਲਜ ਨਹੀਂ ਗਈ ਤਾਂ ਸਹੇਲੀ ਨੇ ਉਸ ਨਾਲ ਗੱਲ ਕੀਤੀ। ਪੀੜਤਾ ਨੇ ਆਪਣੀ ਸਹੇਲੀ ਨੂੰ ਪੂਰੇ ਮਾਮਲੇ ਬਾਰੇ ਦੱਸਿਆ। ਇਸ ਤੋਂ ਬਾਅਦ ਪੀੜਤਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਚੈਨ ਪੁਲਿਸ ਥਾਣੇ ਪੁੱਜੀ ਪਰ ਥਾਣਾ ਇੰਚਾਰਜ ਨੇ ਛੇ ਘੰਟੇ ਤਕ ਪੀੜਤਾ ਤੇ ਉਸ ਦੇ ਪਰਿਵਾਰ ਨੂੰ ਬਿਠਾ ਕੇ ਰੱਖਿਆ ਤੇ ਬਿਨਾਂ ਕੇਸ ਦਰਜ ਕੀਤੇ ਵਾਪਸ ਭੇਜ ਦਿੱਤਾ। ਥਾਣਾ ਮੁਖੀ ਨੇ ਉਨ੍ਹਾਂ ਨੂੰ ਕਿਸੇ ਨੂੰ ਇਸ ਮਾਮਲੇ ਬਾਰੇ ਨਾ ਦੱਸਣ ਦੀ ਧਮਕੀ ਵੀ ਦਿੱਤੀ। ਅਗਲੇ ਦਿਨ ਤਿੰਨ ਦਸੰਬਰ ਨੂੰ ਪੀੜਤਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਐੱਸਪੀ ਨੂੰ ਮਿਲੀ ਤਾਂ ਉਨ੍ਹਾਂ ਥਾਣਾ ਮੁਖੀ ਨੂੰ ਬਰਖ਼ਾਸਤ ਕਰ ਦਿੱਤਾ। ਹੁਣ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ