ਰੀਗਾ : ਯੁਕ੍ਰੇਨ ਨੇ ਬੁੱਧਵਾਰ ਨੂੰ ਨਾਟੋ ਨੂੰ ਅਪੀਲ ਕੀਤੀ ਕਿ ਉਹ ਰੂਸ ਵੱਲੋਂ ਸੰਭਾਵਿਤ ਹਮਲੇ ਨੂੰ ਟਾਲਣ ਲਈ ਉਸ ’ਤੇ ਆਰਥਿਕ ਪਾਬੰਦੀ ਲਾਉਣ ਲਈ ਤਿਆਰ ਰਹੇ।
ਵਿਦੇਸ਼ ਮੰਤਰੀ ਦਿਮਿਤ੍ਰੋ ੁਕਲੇਬਾ ਨੇ ਕਿਹਾ ਕਿ ਉਹ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੂੰ ਮਸਲੇ ਦਾ ਹੱਲ ਲੱਭਣ ਦੀ ਅਪੀਲ ਕਰਨਗੇ। ਨਾਟੋ ਦੇ ਵਿਦੇਸ਼ ਮੰਤਰੀਆਂ ਦੀ ਮੰਗਲਵਾਰ ਤੋਂ ਲਾਤਵੀਆ ਦੀ ਰਾਜਧਾਨੀ ਰੀਗਾ ’ਚ ਬੈਠਕ ਚੱਲ ਰਹੀ ਹੈ, ਜਿਸ ’ਚ ਯੁਕ੍ਰੇਨ ਸਰਹੱਦ ’ਤੇ ਰੂਸ ਦੇ ਹਾਲੀਆ ਫ਼ੌਜੀ ਨਿਰਮਾਣ ’ਤੇ ਪ੍ਰਤੀਕਿਰਿਆ ਦੇਣ ਤੇ ਠੰਢੀ ਜੰਗ ਤੋਂ ਬਾਅਦ ਪੈਦਾ ਹੋਈ ਸਭ ਤੋਂ ਗੰਭੀਰ ਸਥਿਤੀ ਨਾਲ ਨਜਿੱਠਣ ਦੇ ਉਪਾਆਂ ’ਤੇ ਚਰਚਾ ਕੀਤੀ ਜਾ ਰਹੀ ਹੈ। ਕੁਲੇਬਾ ਨੇ ਰੀਗਾ ਪਹੁੰਚਣ ਤੋਂ ਬਾਅਦ ਕਿਹਾ, ‘ਅਸੀਂ ਆਪਣੇ ਭਾਈਵਾਲਾਂ ਨੂੰ ਯੁਕ੍ਰੇਨ ਆਉਣ ਤੇ ਰੂਸ ਨਾਲ ਸਿੱਧੀ ਗੱਲਬਾਤ ਕਰਨ ਦੀ ਪਹਿਲ ਕਰਨ ਦੀ ਬੇਨਤੀ ਕਰਾਂਗੇ।’ ਉਨ੍ਹਾਂ ਕਿਹਾ ਕਿ ਜੇ ਹਾਲਾਤ ਖ਼ਰਾਬ ਹੁੰਦੇ ਹਨ ਤਾਂ ਨਾਟੋ ਨੂੰ ਰੂਸ ਖ਼ਿਲਾਫ਼ ਆਰਥਿਕ ਪਾਬੰਦੀਆਂ ਲਗਾਉਣ ਲਈ ਤਿਆਰ ਰਹਿਣਾ ਪਵੇਗਾ। ਨਾਟੋ ਨੂੰ ਯੁਕ੍ਰੇਨ ਨਾਲ ਫ਼ੌਜੀ ਸਹਿਯੋਗ ਵੀ ਵਧਾਉਣਾ ਚਾਹੀਦਾ ਹੈ
ਸੋਵੀਅਤ ਗਣਰਾਜ ਦਾ ਹਿੱਸਾ ਰਿਹਾ ਯੁਕ੍ਰੇਨ ਨਾਟੋ ’ਚ ਸ਼ਾਮਲ ਨਹੀਂ ਹੈ ਪਰ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਨੇ ਉਸ ਦੀ ਖ਼ੁਦ-ਮੁਖਤਿਆਰੀ ਦੀ ਰੱਖਿਆ ਦੀ ਵਚਨਬੱਧਤਾ ਪ੍ਰਗਟਾਈ ਹੈ। 2014 ਤੋਂ ਬਾਅਦ ਯੁਕ੍ਰੇਨ ਦਾ ਝੁਕਾਅ ਪੱਛਮੀ ਦੇਸ਼ਾਂ ਵੱਲ ਵੱਧ ਗਿਆ ਹੈ ਤੇ ਉਹ ਨਾਟੋ ਤੇ ਯੂਰਪੀ ਯੂਨੀਅਨ ’ਚ ਸ਼ਾਮਲ ਹੋਣਾ ਚਾਹੁੰਦਾ ਹੈ।
ਰੂਸ ਨੇ ਯੁਕ੍ਰੇਨ ’ਤੇ ਸੰਘਰਸ਼ ਗ੍ਰਸਤ ਇਲਾਕੇ ਡਾਨਬਾਸ ’ਚ ਉਸ ਦੀ ਅੱਧੀ ਫ਼ੌਜ ਨੂੁੰ ਤਾਇਨਾਤ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਦੀ ਫ਼ੌਜ ਯੁਕ੍ਰੇਨ ਦੀ ਸਰਹੱਦ ਨਾਲ ਲੱਗਦੇ ਆਪਣੇ ਦੱਖਣੀ ਫ਼ੌਜੀ ਜ਼ਿਲ੍ਹੇ ’ਚ ਨਿਯਮਤ ਸਰਦ ਰੁੱਤ ਅਭਿਆਸ ਕਰ ਰਹੀ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜ਼ਮਾਨ ਮਾਰੀਆ ਜਖਾਰੋਵਾ ਨੇ ਕਿਹਾ, ‘ਯੁਕ੍ਰੇਨ ਦੀ ਫ਼ੌਜ ਉਪਕਰਨਾਂ ਤੇ ਫ਼ੌਜੀਆਂ ਦੀ ਤਾਇਨਾਤੀ ਨਾਲ ਆਪਣੀ ਸਮਰੱਥਾ ਵਧਾ ਰਹੀ ਹੈ।’ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਯੁਕ੍ਰੇਨ ਨੇ ਡਾਨਬਾਸ ਖੇਤਰ ’ਚ 1.25 ਲੱਖ ਫ਼ੌਜੀਆਂ ਯਾਨੀ ਅੱਧੀ ਫ਼ੌਜ ਨੂੰ ਤਾਇਨਾਤ ਕਰ ਦਿੱਤਾ ਹੈ। ਰੂਸੀ ਵਿਦੇਸ਼ ਮੰਤਰੀ ਸੇਰਗੀ ਲਾਵਰੋਵ ਨੇ ਕਿਹਾ ਕਿ ਉਹ ਵੀਰਵਾਰ ਨੂੰ ਮੁਲਾਕਾਤ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਇਸ ਮੁੱਦੇ ’ਤੇ ਚਰਚਾ ਕਰਨਗੇ।