ਸਾਊਦੀ ਅਰਬ ਦੇ ਦੱਖਣੀ ਕੋਰੀਆ ਤੱਕ ਓਮੀਕ੍ਰੋਨ ਦੀ ਦਸਤਕ

ਜੋਹਾਨਸਬਰਗ : ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਦੱਖਣੀ ਕੋਰੀਆ ਤੇ ਸਾਊਦੀ ਅਰਬ ਦਸਤਕ ਦੇ ਦਿੱਤੀ ਹੈ। ਦੋਵਾਂ ਹੀ ਮੁਲਕਾਂ ’ਚ ਇਸ ਵੇਰੀਐੈਂਟ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਸ ਬਾਰੇ ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਬਾਰੇ ਡਬਲਯੂਐੱਚਓ ਵੀ ਚਿੰਤਾ ਜ਼ਾਹਿਰ ਕਰ ਚੁੱਕਿਆ ਹੈ। ਹੁਣ ਸਿਹਤ ਮਾਹਰਾਂ ਨੇ ਇਸ ਨੂੰ ਡੈਲਟਾ ਵੇਰੀਐਂਟ ਤੋਂ ਵੀ ਖ਼ਤਰਨਾਕ ਦੱਸਿਆ ਹੈ। ਦੱਖਣੀ ਅਫਰੀਕਾ ਦੇ ਸੰਚਾਰੀ ਰੋਗ ਸੰਸਥਾਨ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਇਸ ਗੱਲ ਦੀ ਪੂਰੀ ਸੰਭਾਵਨ ਹੈ ਕਿ ਇਹ ਕੋਰੋਨਾ ਦੇ ਸਭ ਤੋਂ ਇਨਫੈਕਟਿਡ ਵੇਰੀਐਂਟ ਨੂੰ ਵੀ ਪਿੱਛੇ ਛੱਡ ਦੇਵੇਗਾ।

ਦੱਖਣੀ ਅਫਰੀਕਾ ਨੇ ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨੀਕੇਸ਼ਨ ਡਿਜ਼ੀਜ਼ (ਐੱਨਆਈਸੀਡੀ) ਦੇ ਕਾਰਜਕਾਰੀ ਡਾਇਰੈਕਟਰ ਏਡ੍ਰੀਅਨ ਪਿਓਰਨ ਨੇ ਕਿਹਾ ਹੈ ਕਿ ਇਹ ਹਮੇਸ਼ਾ ਤੋਂ ਸਵਾਲ ਰਿਹਾ ਹੈ ਕਿ ਕੀ ਇਹ ਡੈਲਟਾ ਵੇਰੀਐਂਟ ਨੂੰ ਪਿੱਛੇ ਛੱਡ ਦੇਵੇਗਾ? ਹੁਣ ਤਕ ਅਸੀਂ ਦੇਖਿਆ ਹੈ ਕਿ ਟ੍ਰਾਂਸਮਿਸ਼ਨ ਦੇ ਮਾਮਲੇ ’ਚ ਸ਼ਾਇਦ ਇਹ ਸਪੈਸ਼ਲ ਵੇਰੀਐੈਂਟ ਹੈ। ਜੇਕਰ ਇਹ ਵੇਰੀਐਂਟ ਡੈਲਟਾ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਫੈਲਦਾ ਹੈ ਤਾਂ ਇਸ ਨਾਲ ਇਨਫੈਕਸ਼ਨ ’ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਇਹੀ ਨਹੀਂ ਇਸ ਦੇ ਇਨਫੈਕਸ਼ਨ ਕਾਰਨ ਹਸਪਤਾਲਾਂ ’ਤੇ ਦਬਾਅ ਵਧ ਸਕਦਾ ਹੈ।

ਏਡ੍ਰੀਆਨ ਪਿਓਰਨ ਨੇ ਅੱਗੇ ਕਿਹਾ ਹੈ ਕਿ ਵਿਗਿਆਨੀ ਚਾਰ ਹਫ਼ਤਿਆਂ ’ਚ ਪਤਾ ਲਗਾ ਲੈਣਗੇ ਕਿ ਇਹ ਵੇਰੀਐਂਟ ਕਿੰਨਾ ਖ਼ਤਰਨਾਕ ਹੈ ਤੇ ਹੁਣ ਤੱਕ ਉਪਲਬਧ ਵੈਕਸੀਨ ਕੀ ਇਸ ਲਈ ਅਸਰਦਾਰ ਹੈ। ਦੱਖਣੀ ਅਫਰੀਕੀ ਮਾਹਰਾਂ ਮੁਤਾਬਕ ਓਮੀਕ੍ਰੋਨ ਨਾਲ ਇਨਫੈਕਟਿਡ ਰੋਗੀਆਂ ’ਚ ਹਲਕੇ ਲੱਛਣ ਹੁੰਦੇ ਹਨ। ਇਨ੍ਹਾਂ ਲੱਛਣਾਂ ’ਚ ਸੁੱਕੀ ਖੰਘ, ਬੁਖਾਰ ਤੇ ਰਾਤ ਨੂੰ ਪਸੀਨਾ ਆਉਣਾ ਸ਼ਾਮਿਲ ਹੈ।

ਕੋਰੋਨਾ ਮਰੀਜ਼ਾਂ ’ਚ ਨਵੇਂ ਵੇਰੀਐਂਟ ਬਾਰੇ ਸਭ ਤੋਂ ਪਹਿਲਾ ਸ਼ੱਕ ਜ਼ਾਹਿਰ ਕਰਨ ਵਾਲੀ ਡਾ. ਏਂਜਲਿਕ ਕੋਏਤਜ਼ੀ ਨੇ ਦੱਸਿਆ ਕਿ ਉਨ੍ਹਾਂ ਨੇ 18 ਨਵੰਬਰ ਨੂੰ ਪਹਿਲੀ ਵਾਰ ਆਪਣੀ ਕਲੀਨਿਕ ’ਤੇ ਸੱਤ ਅਜਿਹੇ ਮਰੀਜ਼ ਦੇਖੇ ਜਿਹੜੇ ਡੈਲਟਾ ਤੋਂ ਇਲਾਵਾ ਕਿਸੇ ਨਵੇਂ ਸਟ੍ਰੇਨ ਤੋਂ ਗ੍ਰਸਿਤ ਲੱਗ ਰਹੇ ਸਨ। ਇਨ੍ਹਾ ਮਰੀਜ਼ਾਂ ’ਚ ਇਨਫੈਕਸ਼ਨ ਦੇ ਬਹੁਤ ਹਲਕੇ ਜਿਹੇ ਲੱਛਣ ਮੌਜੂਦ ਸਨ। ਚੇਤੇ ਰਹੇ ਕਿ ਡਬਲਯੂਐੱਚਓ ਪਹਿਲਾਂ ਹੀ ਖ਼ਬਰਦਾਰ ਕਰ ਚੁੱਕਿਆ ਹੈ ਕਿ ਓਮੀਕ੍ਰੋਨ ਪੂਰੀ ਦੁਨੀਆ ’ਚ ਫੈਲ ਸਕਦਾ ਹੈ। ਓਮੀਕ੍ਰੋਨ ’ਚ ਸਪਾਈਕ ਪ੍ਰੋਟੀਨ ਵਾਲੇ ਹਿੱਸੇ ’ਚ ਬਹੁਤ ਜ਼ਿਆਦਾ ਮਿਊਟੇਸ਼ਨ ਹੋਏ ਹਨ ਜਿਸ ਕਾਰਨ ਕੁਝ ਖੇਤਰਾਂ ’ਚ ਗੰਭੀਰ ਨਤੀਜੇ ਹੋ ਸਕਦੇ ਹਨ।