ਰੋਜ਼ਾਨਾ 2 ਰੁਪਏ ਦੀ ਬਚਤ ਦੇਵੇਗੀ ਸੁਨਹਿਰੀ ਭਵਿੱਖ, ਹਰ ਸਾਲ ਮਿਲਣਗੇ 36,000 ਰੁਪਏ

ਅੱਜ ਹਰ ਕੋਈ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਚਿੰਤਤ ਹੈ। ਲੋਕ ਆਪਣੀ ਨੌਕਰੀ ਦੀ ਸ਼ੁਰੂਆਤ ਤੋਂ ਹੀ ਰਿਟਾਇਰਮੈਂਟ ਯੋਜਨਾਵਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਬੁਢਾਪੇ ਵਿੱਚ ਕਿਸੇ ‘ਤੇ ਨਿਰਭਰ ਨਾ ਹੋਣਾ ਪਵੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਣ-ਧਨ ਯੋਜਨਾ ਤਹਿਤ ਪੈਨਸ਼ਨ ਦੀ ਸਹੂਲਤ ਮੁਹੱਈਆ ਕਰਵਾ ਰਹੀ ਹੈ। ਇਸ ਸਕੀਮ ‘ਚ ਹਰ ਰੋਜ਼ 2 ਰੁਪਏ ਤੋਂ ਘੱਟ ਨਿਵੇਸ਼ ਕਰ ਕੇ 36 ਹਜ਼ਾਰ ਰੁਪਏ ਸਾਲਾਨਾ ਪ੍ਰਾਪਤ ਕੀਤੇ ਜਾ ਸਕਦੇ ਹਨ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ।

ਕੌਣ ਹਨ ਇਸ ਯੋਜਨਾ ਦੇ ਪਾਤਰ

18 ਤੋਂ 40 ਸਾਲ ਦੀ ਉਮਰ ਵਰਗ ਦਾ ਵਿਅਕਤੀ ਇਸ ਸਕੀਮ ‘ਚ ਸ਼ਾਮਲ ਹੋ ਸਕਦਾ ਹੈ। ਲਾਭਪਾਤਰੀ ਦੀ ਮਹੀਨਾਵਾਰ ਆਮਦਨ ਪੰਦਰਾਂ ਹਜ਼ਾਰ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਸਨੂੰ EPFO ​​ਅਤੇ NPS ਅਧੀਨ ਨਹੀਂ ਆਉਣਾ ਚਾਹੀਦਾ। ਬਿਨੈਕਾਰ ਕੋਲ ਬੈਂਕ ਖਾਤਾ ਹੋਣਾ ਜ਼ਰੂਰੀ ਹੈ। ਇਸ ਸਕੀਮ ‘ਚ ਅਪਲਾਈ ਕਰਨ ਲਈ ਆਧਾਰ ਕਾਰਡ, ਬੈਂਕ ਪਾਸਬੁੱਕ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ।

ਕਿੰਨਾ ਦੇਣਾ ਪਵੇਗਾ ਪ੍ਰੀਮੀਅਮ

ਇਸ ਪਲਾਨ ‘ਚ ਉਮਰ ਦੇ ਹਿਸਾਬ ਨਾਲ ਪ੍ਰੀਮੀਅਮ ਦੇਣਾ ਹੁੰਦਾ ਹੈ। ਜੇਕਰ ਕੋਈ 18 ਸਾਲ ਦੀ ਉਮਰ ‘ਚ ਇਸ ਸਕੀਮ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਹਰ ਮਹੀਨੇ 55 ਰੁਪਏ ਜਮ੍ਹਾ ਕਰਵਾਉਣੇ ਪੈਂਦੇ ਹਨ। ਇਸਦਾ ਮਤਲਬ ਹੈ ਕਿ ਲਾਭਪਾਤਰੀ ਨੂੰ ਨਿਵੇਸ਼ ਲਈ ਪ੍ਰਤੀ ਦਿਨ 2 ਰੁਪਏ ਤੋਂ ਘੱਟ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਤਰ੍ਹਾਂ 25 ਸਾਲ ਦੀ ਉਮਰ ਵਾਲਿਆਂ ਨੂੰ 80 ਰੁਪਏ ਤੇ 40 ਸਾਲ ਦੀ ਉਮਰ ਵਾਲਿਆਂ ਨੂੰ 200 ਰੁਪਏ ਦਾ ਯੋਗਦਾਨ ਦੇਣਾ ਪਵੇਗਾ। ਇਹ ਰਕਮ 60 ਸਾਲ ਦੀ ਉਮਰ ਤਕ ਜਮ੍ਹਾ ਕਰਵਾਉਣੀ ਹੋਵੇਗੀ।

ਕਿਵੇਂ ਕਰੀਏ ਅਪਲਾਈ

  • ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਣ-ਧਨ ਯੋਜਨਾ ਦੀ ਵੈੱਬਸਾਈਟ https://maandhan.in/ ‘ਤੇ ਜਾਓ।
  • ਹੋਮ ਪੇਜ ‘ਤੇ ਹਿਅਰ ਟੂ ਅਪਲਾਈ ਨਾਓ ਲਿੰਕ ‘ਤੇ ਲਿਕ ਕਰੋ।
  • ਹੁਣ ਸੈਲਫ ਐਨਰੋਲਮੈਂਟ ‘ਤੇ ਕਲਿੱਕ ਕਰੋ।
  • ਆਪਣੀ ਮੋਬਾਈਲ ਨੰਬਰ ਦਰਜ ਕਰੋ ਤੇ Next ‘ਤੇ ਕਲਿੱਕ ਕਰੋ।
  • ਬਿਨੈਕਾਰ ਆਪਣਾ ਨਾਂ, ਈ-ਮੇਲ ਆਈਡੀ ਆਦਿ ਮੰਗੀ ਜਾਣਕਾਰੀ ਦਰਜ ਕਰਨ।
  • ਕੈਪਚਾ ਕੋਡ ਟਾਈਪ ਕਰੋ ਤੇ ਮੋਬਾਈਲ ‘ਤੇ ਆਏ ਓਟੀਪੀ ਨੂੰ ਦਰਜ ਕਰ ਕੇ ਸਬਮਿਟ ਕਰੋ।
  • ਜ਼ਰੂਰੀ ਦਸਤਾਵੇਜ਼ ਅਪਲੋਡ ਕਰੋ ਤੇ ਫਾਰਮ ਜਮ੍ਹਾਂ ਕਰਨ ਤੋਂ ਬਾਅਦ ਪ੍ਰਿੰਟ ਆਉਟ ਕੱਢ ਲਓ।