ਅਮਰੀਕਾ : ਅਮਰੀਕਾ ‘ਚ ਮਿਸ਼ੀਗਨ ਦੇ ਇਕ ਹਾਈ ਸਕੂਲ ‘ਚ 15 ਸਾਲਾ ਨਾਬਾਲਗ ਨੇ ਗੋਲੀ ਚਲਾ ਦਿੱਤੀ। ਇਸ ਘਟਨਾ ‘ਚ 3 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ 8 ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਇਕ 16 ਸਾਲਾ ਲੜਕਾ ਤੇ 17 ਤੇ 14 ਸਾਲ ਦੀਆਂ ਦੋ ਲੜਕੀਆਂ ਸ਼ਾਮਲ ਹਨ। ਜ਼ਖ਼ਮੀਆਂ ਵਿਚ ਇੱਕ ਅਧਿਆਪਕ ਤੇ 7 ਵਿਦਿਆਰਥੀ ਸ਼ਾਮਲ ਹਨ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਆਪਰੇਸ਼ਨ ਚੱਲ ਰਿਹਾ ਹੈ ਤੇ ਬਾਕੀ ਛੇ ਦੀ ਹਾਲਤ ਸਥਿਰ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।
ਦੋਸ਼ੀ ਹੋਇਆ ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਹਮਲਾ ਕਰਨ ਵਾਲਾ ਦੋਸ਼ੀ ਸਕੂਲ ਦਾ ਵਿਦਿਆਰਥੀ ਸੀ ਤੇ ਉਸ ਨੇ ਹੀ ਪੂਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਮੁਲਜ਼ਮ ਕੋਲੋਂ ਇਕ ਪਿਸਤੌਲ ਬਰਾਮਦ ਹੋਇਆ ਹੈ। ਇਹ ਸਾਰੀ ਘਟਨਾ ਪੰਜ ਮਿੰਟ ਤਕ ਚੱਲੀ, ਜਿਸ ਵਿਚ ਮੁਲਜ਼ਮਾਂ ਨੇ ਇੱਕੋ ਸਮੇਂ 15 ਤੋਂ 20 ਗੋਲੀਆਂ ਚਲਾਈਆਂ। ਓਕਲੈਂਡ ਕਾਉਂਟੀ ਅੰਡਰਸ਼ੈਰਿਫ ਮਾਈਕਲ ਜੀ. ਮੈਕਕੇਬ ਨੇ ਕਿਹਾ ਕਿ ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਲੋਕਾਂ ਤੇ ਵਿਦਿਆਰਥੀਆਂ ਨਾਲ ਨਜਿੱਠਿਆ ਉਹ ਸ਼ਲਾਘਾਯੋਗ ਹੈ।