ਕਾਂਗਰਸ ਹਾਈਕਮਾਂਡ ਨੇ ਸਿੱਧੂ ਤੇ ਚੰਨੀ ਨੂੰ ਕੀਤਾ ਦਿੱਲੀ ਤਲਬ

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਖਿੱਚੋਤਾਣ ਦਰਮਿਆਨ ਅੱਜ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਤਲਬ ਕੀਤਾ ਹੈ। ਅੱਜ ਰਾਤ ਉਨ੍ਹਾਂ ਨਾਲ ਮੀਟਿੰਗ ਹੋਵੇਗੀ। ਇਸ ਮੀਟਿੰਗ ‘ਚ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਸ਼ਿਰਕਤ ਕਰਨਗੇ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕੋਈ ਵੱਡਾ ਫੈਸਲਾ ਲੈ ਸਕਦੇ ਹਨ।

ਦੱਸ ਦੇਈਏ ਕਿ ਸੁਨੀਲ ਜਾਖੜ ਲੰਬੇ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਕਾਂਗਰਸ ਅਜੇ ਵੀ ਜਾਖੜ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਨੀਲ ਜਾਖੜ ਟਵੀਟ ਕਰ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਸੁਨੀਲ ਜਾਖੜ ‘ਤੇ ਹਮਲਾ ਬੋਲਿਆ ਸੀ। ਇਸ ਤੋਂ ਬਾਅਦ ਸੁਨੀਲ ਜਾਖੜ ਨੇ ਵੀ ਟਵੀਟ ਕਰਕੇ ਹਮਲਾ ਬੋਲਿਆ।

ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪਹਿਲਾਂ ਹੀ ਟਕਰਾਅ ਚੱਲ ਰਿਹਾ ਹੈ। ਸਿੱਧੂ ਲਗਾਤਾਰ ਚੰਨੀ ਸਰਕਾਰ ‘ਤੇ ਹਮਲੇ ਕਰਦੇ ਰਹਿੰਦੇ ਹਨ। ਇਸ ਨਾਲ ਸੂਬੇ ‘ਚ ਕਾਂਗਰਸ ਲਈ ਅਜੀਬੋ-ਗ਼ਰੀਬ ਹਾਲਾਤ ਪੈਦਾ ਹੋ ਰਹੇ ਹਨ। ਸਿੱਧੂ ਲਗਾਤਾਰ ਮੁੱਦੇ ਚੁੱਕ ਰਹੇ ਹਨ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।

ਪੰਜਾਬ ਦੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਦਾ ਰਵੱਈਆ ਕਾਂਗਰਸ ‘ਤੇ ਭਾਰੂ ਪੈਂਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਸੀਐਮ ਚੰਨੀ ਤੇ ਸਿੱਧੂ ਵਿਚਾਲੇ ਅਜੀਬ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਸਿੱਧੂ ਕੋਈ ਮੁੱਦਾ ਉਠਾਉਂਦੇ ਹਨ ਤਾਂ ਚਰਨਜੀਤ ਸਿੰਘ ਚੰਨੀ ਇਸ ਬਾਰੇ ਐਲਾਨ ਕਰਨ ਵਿਚ ਦੇਰ ਨਹੀਂ ਲਗਾਉਂਦੇ। ਇਸ ਤੋਂ ਬਾਅਦ ਸਿੱਧੂ ਨੇ ਵਿੱਤੀ ਹਾਲਾਤ ਦਾ ਹਵਾਲਾ ਦਿੰਦੇ ਹੋਏ ਚੰਨੀ ਦੇ ਇਸ ਕਦਮ ‘ਤੇ ਹਮਲਾ ਕਰਨ ‘ਚ ਦੇਰ ਨਹੀਂ ਕੀਤੀ। ਇਨ੍ਹਾਂ ਹਾਲਾਤ ਤੋਂ ਤੰਗ ਆ ਕੇ ਕਾਂਗਰਸ ਹਾਈਕਮਾਂਡ ਨੇ ਦੋਵਾਂ ਆਗੂਆਂ ਨੂੰ ਤਲਬ ਕੀਤਾ ਹੈ। ਅਜਿਹੇ ਸੰਕੇਤ ਮਿਲੇ ਹਨ ਕਿ ਪੰਜਾਬ ਕਾਂਗਰਸ ‘ਚ ਇਸ ਸਥਿਤੀ ਨੂੰ ਖਤਮ ਕਰਨ ਲਈ ਪਾਰਟੀ ਲੀਡਰਸ਼ਿਪ ਕੋਈ ਵੱਡਾ ਕਦਮ ਚੁੱਕ ਸਕਦੀ ਹੈ।