ਖ਼ਤਰਨਾਕ ਕੋਰੋਨਾ ਵਾਇਰਸ ਦੇ ਨਵੇਂ ਵੈਰੀਅੰਟ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਵਿਚ ਦਹਿਸ਼ਤ ਫੈਲ ਗਈ। ਦੁਨੀਆ ਦੇ ਕਈ ਦੇਸ਼ਾਂ ਨੇ ਅਫ਼ਰੀਕੀ ਦੇਸ਼ਾਂ ਦੇ ਲਈ ਅਪਣੀਆਂ ਸਰਹੱਦਾਂ ਬੰਦ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਨੇ ਸੱਤ ਅਫ਼ਰੀਕੀ ਦੇਸ਼ਾਂ ਤੋਂ ਯਾਤਰਾ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਇਸ ਕ੍ਰਮ ਵਿਚ ਕੈਨੇਡਾ ਅਤੇ ਅਮਰੀਕਾ ਨੇ ਵੀ ਸੱਤ ਦੱਖਣੀ ਅਫ਼ਰੀਕੀ ਦੇਸ਼ਾਂ ’ਤੇ ਯਾਤਰਾ ਦੇ ਲਈ ਰੋਕ ਲਗਾ ਦਿੱਤੀ ਹੈ।
ਬਰਤਾਨੀਆ, ਇਟਲੀ ਅਤੇ ਇਜ਼ਰਾਈਲ ਸਣੇ ਕਈ ਦੇਸ਼ਾਂ ਨੇ ਦੱਖਣੀ ਅਫ਼ਰੀਕਾ, ਲੈਸੇਟੋ, ਬੋਤਸਵਾਨਾ, ਜ਼ਿੰਬਾਬਵੇ, ਮੋਜਾਂਬਿਕ, ਨਾਬੀਆ ਅਤੇ ਇਸਤਾਵਿਨੀ ਦੇ ਲਈ ਉਡਾਣਾਂ ਬੰਦ ਕਰ ਦਿੱਤੀਆਂ ਹਨ। ਨੀਦਰਲੈਂਡ ਸਣੇ ਹੋਰ ਕਈ ਦੇਸ਼ ਇਸੇ ਤਰ੍ਹਾਂ ਦੇ ਉਪਾਅ ਕਰਨ ’ਤੇ ਵਿਚਾਰ ਕਰ ਰਹੇ ਹਨ। ਜਰਮਨੀ ਵੀ ਇਨ੍ਹਾਂ ਦੇਸ਼ਾਂ ਦੇ ਲਈ ਉਡਾਣਾਂ ’ਤੇ ਪਾਬੰਦੀ ਲਗਾ ਸਕਦਾ ਹੈ।
ਜਪਾਨ ਨੇ ਕਿਹਾ ਹੈ ਕਿ ਸ਼ੁੱਕਰਵਾਰ ਦੇ ਬਾਅਦ ਤੋਂ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਕਵਾਰੰਟੀਨ ਸੈਂਟਰਾਂ ਵਿਚ 10 ਦਿਨ ਜ਼ਰੂਰੀ ਤੌਰ ’ਤੇ ਰਹਿਣਾ ਹੋਵੇਗਾ। ਇਸ ਦੌਰਾਨ ਉਨ੍ਹਾ ਦੀ ਤਿੰਨ ਵਾਰ ਕੋਰੋਨਾ ਜਾਂਚ ਵੀ ਕੀਤੀ ਜਾਵੇਗੀ। ਦੱਖਣੀ ਅਫ਼ਰੀਕਾ ਤੋਂ ਆਉਣ ਵਾਲੇ ਯਾਤਰੀਆਂ ਵਿਚ ਬੋਸਤਵਾਨਾ ਅਤੇ ਹਾਂਗਕਾਂਗ ਵਿਚ ਇਹ ਵੈਰੀਅੰਟ ਪਾਇਆ ਗਿਆ ਹੈ।
ਇਜ਼ਰਾਈਲ ਵਿਚ ਵੀ ਮਲਾਵੀ ਤੋਂ ਆਇਆ ਇੱਕ ਵਿਅਕਤੀ ਵੀ ਇਸ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਇਸ ਵਿਅਕਤੀ ਨੂੰ ਕੋਰੋਨਾ ਵੈਕਸੀਨ ਦੀ ਦੋਵੇਂ ਡੋਜ਼ ਵੀ ਲਗਾਈ ਜਾ ਚੁੱਕੀ ਸੀ। ਗੰਭੀਰ ਹੁੰਦੇ ਹਾਲਾਤ ਨੂੰ ਦੇਖਦੇ ਹੋਏ ਹੋਰ ਵੀ ਕਈ ਦੇਸ਼ਾਂ ਵਿਚ ਇਸ ਵੈਰੀਅੰਟ ਨੂੰ ਆਉਣ ਤੋਂ ਰੋਕਣ ਦੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ।
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਡਬਲਿਊਐਚਓ ਨੇ ਨਵੇਂ ਵੈਰੀਅੰਟ ਨੂੰ ‘ਓਮੀਕਰਾਨ’ ਨਾਂ ਦਿੱਤਾ ਹੈ। ਇਸ ਖ਼ਤਰਨਾਕ ਵੈਰੀਅੰਟ ਨੂੰ ਰੋਕਣ ਦੇ ਲਈ ਕਈ ਦੇਸ਼ਾਂ ਨੇ ਸਖ਼ਤ ਕਦਮ ਚੁੱਕੇ ਹਨ।