ਹਤਿਆਰੇ ਸਰਬਜੀਤ ਸਿੰਘ ਨੂੰ 7 ਦਿਨਾ ਰਿਮਾਂਡ ‘ਤੇ ਭੇਜਿਆ

ਸਿੰਘੂ ਬਾਰਡਰ ‘ਤੇ ਪਿਛਲੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕਿਸਾਨ ਅੰਦੋਲਨ (Farmers Protest) ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਅੰਦੋਲਨ ਵਾਲੀ ਜਗ੍ਹਾ ਲਖਬੀਰ ਨਾਂ ਦੇ ਤਰਨਤਾਰਨ ਦੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਹੱਤਿਆ ਦੇ ਮੁੱਖ ਮੁਲਜ਼ਮ ਨਿਹੰਗ ਸਿੱਖ (Nihang Sikh) ਨੇ ਸਰੰਡਰ ਕਰ ਦਿੱਤਾ ਜਿਸ ਤੋਂ ਬਾਅਦ ਸ਼ਨਿਚਰਵਾਰ ਨੂੰ ਉਸ ਨੂੰ ਸੋਨੀਪਤ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਸੱਤ ਦਿਨਾ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹੱਤਿਆ ਤੋਂ ਬਾਅਦ ਨਿਹੰਗ ਸਿੰਘ ਨੇ ਨੌਜਵਾਨ ਦੇ ਹੱਥ-ਪੈਰ ਕੱਟ ਕੇ ਬੈਰੀਕੋਡ ‘ਤੇ ਟੰਗ ਦਿੱਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਭੱਜਣ ਲੱਗਾ ਤਾਂ ਗੇਟ ‘ਤੇ ਪਹਿਰਾ ਦੇ ਰਹੇ ਨਿਹੰਗਾਂ ਨੇ ਉਸ ਨੂੰ ਫੜ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਨੌਜਵਾਨ ਨੇ ਜਦੋਂ ਪੁੱਛਣ ‘ਤੇ ਕੁਝ ਨਾ ਦੱਸਿਆ ਤਾਂ ਪਹਿਲਾਂ ਉਸ ਦੇ ਹੱਥ ਤੇ ਲੱਤ ਵੱਢੇ ਤੇ ਫਿਰ ਉਸ ਨੂੰ ਬੈਰੀਕੇਡ ‘ਤੇ ਟੰਗ ਦਿੱਤਾ।

ਸਮਰਪਣ ਕਰਨ ਵਾਲੇ ਨਿਹੰਗ ਦਾ ਨਾਂ ਸਰਬਜੀਤ ਹੈ। ਉਸ ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਕੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਕਿਸਾਨ ਅੰਦੋਲਨ ਵਾਲੀ ਥਾਂ ’ਤੇ ਇਕ ਵਾਰ ਫਿਰ ਗਹਿਮਾ-ਗਹਿਮੀ ਵੱਧ ਗਈ ਹੈ। ਪੁਲਿਸ ਇਸ ਮਾਮਲੇ ਵਿਚ ਸ਼ਖ਼ਸ ਤੋਂ ਪੁੱਛਗਿੱਛ ਕਰ ਰਹੀ ਹੈ।