ਫਾਸਟਵੇਅ ਕੇਬਲ ਟੀਵੀ ਦੇ ਨਾਲ ਨਾਲ ਬਾਦਲਾਂ ਤੇ ਕੈਪਟਨ ਨੂੰ ਨਵਜੋਤ ਸਿੱਧੂ ਨੇ ਲਿਆ ਨਿਸ਼ਾਨੇ ’ਤੇ,ਪਡ਼੍ਹੋ ਟਵੀਟ ਕਰਕੇ ਕੀ ਕਿਹਾ

ਚੰਡੀਗਡ਼੍ਹ :ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਹੀ ਟਵੀਟ ਜ਼ਰੀਏ ਨਿਸ਼ਾਨੇ ਸਾਧਦੇ ਰਹਿੰਦੇ ਹਨ। ਅੱਜ ਫਿਰ ਤੋਂ ਉਨ੍ਹਾਂ ਨੇ ਇਕ ਨਵਾਂ ਮੋਰਚਾ ਖੋਲ੍ਹਿਆ ਹੈ। ਇਸ ਤਹਿਤ ਉਨ੍ਹਾਂ ਨੇ ਲਗਾਤਾਰ ਤਿੰਨ ਟਵੀਟ ਕਰਕੇ ਕੇਬਲ ਨੈਟਵਰਕ ਫਾਸਟਵੇਅ, ਬਾਦਲ ਅਤੇ ਕੈਪਟਨ ਨੂੰ ਨਿਸ਼ਾਨੇ ’ਤੇ ਲਿਆ ਹੈ। ਇਨ੍ਹਾਂ ਟਵੀਟਾਂ ਜ਼ਰੀਏ ਉਨ੍ਹਾਂ ਕਿਹਾ ਕਿ ਪੰਜਾਬ ਫਾਸਟਵੇਅ ਕੋਲ ਸਰਕਾਰ ਨਾਲੋਂ ਸਾਂਝਾ ਕੀਤੇ ਜਾਣ ਵਾਲੇ ਵੇਰਵਿਆਂ ਨਾਲੋਂ 3-4 ਗੁਣਾ ਜਿਆਦਾ ਟੀਵੀ ਕੁਨੇਕਸ਼ਨ ਹਨ। ਉਹਨਾਂ ਨੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸਰਕਾਰ ‘ਤੇ ਫਾਸਟਵੇਅ ਦੀ ਅਜਾਰੇਦਾਰੀ ਬਚਾਉਣ ਲਈ ਕਾਨੂੰਨ ਬਣਾਉਣ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਸਿੱਧੂ ਵੱਲੋਂ ਪ੍ਰਸਤਾਵਿਤ ਕਾਨੂੰਨ ਨੂੰ ਰੋਕਣ ਦੇ ਇਲਜ਼ਾਮ ਵੀ ਲਗਾਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਵੱਲੋਂ ਪ੍ਰਸਤਾਵਿਤ ਕਾਨੂੰਨ ਪਾਸ ਹੋ ਜਾਂਦਾ ਤਾਂ ਸਰਕਾਰੀ ਖਜ਼ਾਨੇ ਨੂੰ ਮਾਲੀਏ ਦੇ ਰੂਪ ਵਿੱਚ ਮੁਨਾਫਾ ਹੁੁੰਦਾ ਅਤੇ ਕੇਬਲ ਟੀਵੀ ਦੀਆਂ ਕੀਮਤਾਂ ਵੀ ਅੱਧੀਆਂ ਰਹਿ ਜਾਂਦੀਆਂ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲਣੀ ਸੀ।