ਸਿੰਘੂ ਬਾਰਡਰ ‘ਤੇ ਨੌਜਵਾਨ ਦੀ ਹੱਤਿਆ ‘ਤੇ ਰਾਕੇਸ਼ ਟਿਕੈਤ ਦਾ ਬਿਆਨ

ਨਵੀਂ ਦਿੱਲੀ/ਸੋਨੀਪਤ/ਗਾਜ਼ੀਆਬਾਦ : ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਪੰਜਾਬ ਦੇ ਦਲਿਤ ਨੌਜਵਾਨ ਲਖਬੀਰ ਸਿੰਘ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਵੀ ਸਾਹਮਣੇ ਆਏ ਹਨ। ਇਕ ਦਿਨ ਬਾਅਦ ਮੀਡੀਆ ਨਾਲ ਰੂਬਰੂ ਹੋਣ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਸ ਵਿਅਕਤੀ ਨੇ ਹੱਤਿਆ ਕੀਤੀ, ਉਸ ਨੇ ਆਪਣਾ ਅਪਰਾਧ ਕਬੂਲ ਕੀਤਾ ਹੈ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਚ ਹੋਰ ਕਿਹੜੇ ਲੋਕ ਸ਼ਾਮਲ ਸਨ, ਉਹ ਹਾਲੇ ਜਾਂਚ ਦਾ ਵਿਸ਼ਾ ਹੈ। ਇਸ ਦਾ ਅੰਦੋਲਨ ਉੱਪਰ ਅਸਰ ਨਹੀਂ ਪਵੇਗਾ। ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਆਪਣੇ-ਆਪ ਨੂੰ ਇਸ ਘਟਨਾ ਨਾਲੋਂ ਅਲੱਗ ਕਰ ਚੁੱਕਾ ਹੈ ਪੁਲਿਸ ਨੇ ਦੁਪਹਿਰ ਤਕ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਦਾ ਇੰਤਜ਼ਾਰ ਕੀਤਾ, ਪਰ ਉਹ ਨਹੀਂ ਪਹੁੰਚੇ। ਉਸ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਦੀ ਤਿਆਰੀ ਕੀਤੀ ਗਈ। ਸੀਐੱਮਓ ਨੇ ਤਿੰਨ ਡਾਕਟਰਾਂ ਦੀ ਟੀਮ ਬਣਾ ਕੇ ਪੋਸਟਮਾਰਟਮ ਕਰਵਾਇਆ। ਇਸ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਸੂਤਰਾਂ ਨੇ ਦੱਸਿਆ ਕਿ ਲਖਬੀਰ ਦੇ ਸਰੀਰ ‘ਤੇ ਕਰੀਬ 22 ਸੱਟਾਂ ਦੇ ਨਿਸ਼ਾਨ ਮਿਲੇ। ਇਨ੍ਹਾਂ ਵਿਚੋਂ 10 ਜ਼ਖ਼ਮੀ ਕਾਫੀ ਡੂੰਘੇ ਹਨ। ਉਸ ਦੀ ਮੌਤ ਇਨ੍ਹਾਂ ਜ਼ਖ਼ਮਾਂ ਤੇ ਜ਼ਿਆਦਾ ਖ਼ੂਨ ਵਗਣ ਕਾਰਨ ਹੋਈ। ਉਸ ਦੀ ਮੌਤ ਸਵੇਰੇ ਸਾਢੇ 4 ਤੇ 5 ਵਜੇ ਦੇ ਵਿਚਕਾਰ ਹੋਈ।