CWC ਦੀ ਬੈਠਕ ‘ਚ ਅਸੰਤੁਸ਼ਟ ਆਗੂਆਂ ਨੂੰ ਸੋਨੀਆ ਗਾਂਧੀ ਦਾ ਦੋ ਟੁੱਕ ਜਵਾਬ- ਅਜੇ ਮੈਂ ਹੀ ਫੁੱਲ ਟਾਈਮ ਪ੍ਰਧਾਨ

ਨਵੀਂ ਦਿੱਲੀ : ਕਾਂਗਰਸ ਕਾਰਜਕਾਰਨੀ ਦੀ ਬੈਠਕ ‘ਚ ਪਾਰਟੀ ਦੇ ਅਸੰਤੁਸ਼ਟ ਆਗੂਆਂ ਨੂੰ ਜਵਾਬ ਦਿੰਦਿਆਂ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਹਮੇਸ਼ਾ ਸਪੱਸ਼ਟਤਾ ਦੀ ਸ਼ਲਾਘਾ ਕੀਤੀ ਹੈ। ਮੀਡੀਆ ਜ਼ਰੀਏ ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ। ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਪਵੇਗਾ, ਤਾਂ ਹੀ ਸਫਲਤਾ ਮਿਲੇਗੀ। ਇਸ ਦੌਰਾਨ ਨਿਊਜ਼ ਏਜੰਸੀ ANI ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਕਾਂਗਰਸ ਪ੍ਰਧਾਨ ਦੀ ਚੋਣ ਸਤੰਬਰ 2022 ‘ਚ ਹੋਵੇਗੀ।

ਫੁੱਲ ਟਾਈਮ ਪਾਰਟੀ ਪ੍ਰਧਾਨ ਵਾਲੇ ਸੋਨੀਆ ਗਾਂਧੀ ਦੇ ਬਿਆਨ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਹ ਉਨ੍ਹਾਂ ਆਗੂਆਂ ਨੂੰ ਜਵਾਬ ਹੈ ਜੋ ਪਾਰਟੀ ਅਗਵਾਈ ‘ਤੇ ਸਵਾਲ ਉਠਾਉਂਦੇ ਰਹੇ ਹਨ। ਸੀਡਬਲਯੂਸੀ ‘ਚ ਆਪਣੀ ਮੁੱਢਲੀ ਟਿੱਪਣੀ ‘ਚ ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਲਖੀਮਪੁਰ-ਖੀਰੀ ਦੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਭਾਜਪਾ ਦੀ ਮਾਨਸਿਕਤਾ ਦਿਖਾਉਂਦੀਆਂ ਹਨ। ਸੋਨੀਆ ਗਾਂਧੀ ਨੇ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ- ‘ਕਿਸਾਨਾਂ ਨੂੰ ਤਿੰਨ ਕਾਨੂੰਨਾਂ ਰਾਹੀਂ ਰੌਂਦਿਆ ਜਾ ਰਿਹਾ ਹੈ, ਨਿੱਜੀ ਕੰਪਨੀਆਂ ਦੇ ਲਾਭ ਲਈ ਖੇਤੀ ਕਾਨੂੰਨ ਲਿਆਂਦੇ ਗਏ ਹਨ। ਮੋਦੀ ਸਰਕਾਰ ਨੇ ਸਿਰਫ਼ ‘ਵੇਚੋ ਵੇਚੋ ਤੇ ਵੋਚੇ’ ਦੀ ਨੀਤੀ ਅਪਨਾ ਰੱਖੀ ਹੈ।’

ਆਪਣੇ ਉਦਘਾਟਨੀ ਭਾਸ਼ਣ ‘ਚ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਪੂਰਾ ਸੰਗਠਨ ਕਾਂਗਰਸ ਨੂੰ ਮੁੜ ਜੀਵਤ ਕਰਨਾ ਚਾਹੁੰਦਾ ਹੈ, ਪਰ ਇਸ ਦੇ ਲਈ ਏਕਤਾ ਤੇ ਪਾਰਟੀ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣ ਦੀ ਲੋੜ ਹੈ। ਸਭ ਤੋਂ ਵੱਧ ਕੇ, ਇਸ ਦੇ ਲਈ ਆਪਣੇ ‘ਤੇ ਕੰਟਰੋਲ ਤੇ ਅਨੁਸ਼ਾਸਨ ਦੀ ਲੋੜ ਹੁੰਦੀ ਹੈ। ਪਾਰਟੀ ਕਾਰਜਕਾਰਨੀ ਦੀ ਅੱਜ ਹੋ ਰਹੀ ਮਹੱਤਵਪੂਰਨ ਬੈਠਕ ‘ਚ ਸੰਗਠਨ ਚੋਣ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫ਼ੈਸਲਾ ਕਰਨ ਦੀ ਪੂਰੀ ਸੰਭਾਵਨਾ ਹੈ। ਇਸ ਲੜੀ ‘ਚ ਸਭ ਤੋਂ ਪਹਿਲਾਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਲਏ ਜਾਣ ਦੇ ਸੰਕੇਤ ਹਨ। ਬੈਠਕ ‘ਚ ਸਿਆਸੀ ਅਤੇ ਖੇਤੀ ਸਮੇਤ ਤਿੰਨ ਪ੍ਰਸਤਾਵ ਵੀ ਪਾਸ ਕੀਤੇ ਜਾਣਗੇ।

ਕੋਰੋਨਾ ਮਹਾਮਾਰੀ ਤੋਂ ਬਾਅਦ ਇਹ ਕਾਂਗਰਸ ਕਾਰਜਕਾਰਨੀ ਦੀ ਪਹਿਲੀ ਬੈਠਕ ਹੈ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕਾਂਗਰਸ ਦੀ ਸੂਬਾ ਇਕਾਈਆਂ ਜਿਵੇਂ ਪੰਜਾਬ, ਛੱਤੀਸਗੜ੍ਹ ਤੇ ਰਾਜਸਥਾਨ ‘ਚ ਪਾਰਟੀ ਦੇ ਅੰਦਰ ਘਮਸਾਨ ਮਚਿਆ ਹੋਇਆ ਹੈ। ਬੈਠਕ ‘ਚ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ, ਕਾਂਗਰਸ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (ਰਾਜਸਥਾਨ), ਭੂਪੇਸ਼ ਬਘੇਲ (ਛੱਤੀਸਗੜ੍ਹ) ਤੇ ਚਰਨਜੀਤ ਚੰਨੀ (ਪੰਜਾਬ) ਸਮੇਤ ਕੁੱਲ 52 ਕਾਂਗਰਸੀ ਆਗੂ ਹਿੱਸਾ ਲੈ ਰਹੇ ਹਨ। ਦਿਗਵਿਜੈ ਸਿੰਘ ਤੇ ਡਾ. ਮਨਮੋਹਨ ਸਿੰਘ ਸਮੇਤ ਪੰਜ ਆਗੂ ਬੈਠਕ ‘ਚ ਸ਼ਾਮਲ ਨਹੀਂ ਹੋਏ ਹਨ।

ਏਆਈਸੀਸੀ ਹੈੱਡਕੁਆਰਟਰ ‘ਚ ਹੋ ਰਹੀ ਬੈਠਕ ‘ਚ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਤੇ ਆਨੰਦ ਸ਼ਰਮਾ ਵੀ ਮੌਜੂਦ ਹਨ। ਇਹ ਬੈਠਕ ਪਾਰਟੀ ਦੇ ਅਸੰਤੁਸ਼ਟ ਖੇਮੇ ਜੀ-23 ਗਰੁੱਪ ਲੀਡਰਾਂ ਦੀ ਮੰਗ ‘ਤੇ ਸੱਦੇ ਗਈ ਹੈ, ਪਰ ਜੀ-23 ਖੇਮਾ ਕਾਰਜਕਾਰਨੀ ਦੇ ਸਿਰਫ਼ ਮੁੱਖ ਮੈਂਬਰਾਂ ਦੀ ਬਜਾਏ ਸੱਦੇ ਗਏ ਮੈਂਬਰਾਂ ਤੇ ਸੂਬਿਆਂ ਦੇ ਇੰਚਾਰਜਾਂ ਨੂੰ ਵੀ ਇਸ ਵਿਚ ਬੁਲਾਏ ਜਾਣ ਤੋਂ ਨਾਖੁਸ਼ ਦੱਸਿਆ ਜਾ ਰਿਹਾ ਹੈ। ਮਈ 2019 ‘ਚ ਪਾਰਟੀ ਦੀ ਲੋਕ ਸਭਾ ‘ਚ ਹਾਰ ਦੇ ਮੱਦੇਨਜ਼ਰ ਰਾਹੁਲ ਗਾਂਧੀ ਦੇ ਅਸਤੀਫ਼ਾ ਦੇਣ ਤੋਂ ਬਾਅਦ ਸੋਨੀਆ ਗਾਂਧੀ ਨੇ ਅਗਸਤ 2019 ‘ਚ ਅੰਤ੍ਰਿਮ ਕਾਂਗਰਸ ਪ੍ਰਧਾਨ ਦੇ ਰੂਪ ‘ਚ ਕਾਰਜਭਾਰ ਸੰਭਾਲਿਆ ਸੀ।