ਨਰਮੇ ਦੀ ਫਸਲ ਦੇ ਬੀਜ ਨੂੰ ਮਾਨਸਾ ਜਿਲੇ੍ਹ ਵਿੱਚ ਉਪਲਬਧ ਕਰਵਾਉਣ ਲਈ ਬੀਜ ਕੰਪਨੀਆਂ ਨਾਲ ਅਹਿਮ ਮੀਟਿੰਗ

ਮਾਨਸਾ, 27 ਮਾਰਚ : ਗੁਰਜੰਟ ਸਿੰਘ ਸ਼ੀਂਹ 

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ—ਨਿਰਦੇਸ਼ਾਂ ਅਧੀਨ ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਦੀ ਪ੍ਰਧਾਨਗੀ ਹੇਠ ਮਾਨਸਾ ਜਿ਼ਲੇ੍ਹ ਵਿੱਚ ਨਰਮੇ ਦੀ ਫਸਲ ਦਾ ਬੀਜ ਮੁਹੱਈਆ ਕਰਵਾਉਣ ਲਈ ਬੀਜ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਜਿਸ ਵਿੱਚ ਅਜੀਤ, ਰਾਸੀ, ਮਹੀਕੋ, ਨੁਜੀਵਿਡੂ, ਸੁਪਰਸੀਡ, ਰੈਲਿੰਸ ਅੰਕੁਰ ਕੰਪਨੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ—ਵੱਖ ਬਲਾਕਾਂ ਦੇ ਅਧਿਕਾਰੀ ਵੀ ਸ਼ਾਮਲ ਸਨ।

ਮੁੱਖ ਖੇਤੀਬਾੜੀ ਅਫਸਰ ਨੇ ਮੀਟਿੰਗ ਵਿੱਚ ਦੱਸਿਆ ਕਿ ਮਾਨਸਾ ਜਿ਼ਲੇ੍ਹ ਨੂੰ ਨਰਮੇ ਦੀ ਫਸਲ ਦੀ ਬਿਜਾਈ ਦਾ 28500 ਹੈਕਟੇਅਰ ਰਕਬੇ ਦਾ ਟੀਚਾ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਹੋਇਆ ਹੈ।ਉਨ੍ਹਾਂ ਦੱਸਿਆ ਕਿ ਮਾਨਸਾ ਜਿ਼ਲ੍ਹੇ ਵਿੱਚ ਸਰੋਂ ਵਾਲੇ ਖੇਤਾਂ ਵਿੱਚ ਬਿਜਾਈ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਸੁਰੂ ਹੋ ਜਾਵੇਗੀ।

ਕੰਪਨੀ ਦੇ ਨੁਮਾਇੰਦਿਆਂ ਵੱਲੋਂ ਦੱਸਿਆ ਗਿਆ ਕਿ ਕੁਵਾਲਿਟੀ ਦਾ ਬੀਜ ਭਰਪੂਰ ਮਾਤਰਾ ਵਿੱਚ ਉਪਲਬਧ ਹੈ।ਉਨ੍ਹਾਂ ਕਿਹਾ ਕਿ ਸਮੇਂ—ਸਮੇਂ *ਤੇ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ, ਤਾਂ ਜੋ ਅਣ—ਅਧਿਕਾਰਤ ਨਰਮੇ ਦੇ ਬੀਜ (ਗੁਜਰਾਤੀ) ਮਾਨਸਾ ਜਿਲੇ੍ਹ ਵਿੱਚ ਨਾ ਵੇਚ ਸਕਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰਕਬਾ ਨਰਮੇ ਥੱਲੇ ਲਿਆਇਆ ਜਾਵੇ ਅਤੇ ਨਰਮੇ ਦੇ ਬੀਜ ਦੀ ਖਰੀਦ ਸਮੇਂ ਪੱਕਾ ਬਿੱਲ ਲਿਆ ਜਾਵੇ।

ਮੀਟਿੰਗ ਵਿੱਚ ਗੁਰਪ੍ਰੀਤ ਸਿੰਘ, ਸਗਨਦੀਪ ਕੌਰ ਅਤੇ ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ ਸ਼ਾਮਿਲ ਸਨ।