ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਗੁਰੂ ਨਾਨਕ ਕਾਲਜ਼ ਅਤੇ ਕੰਨਿਆ ਸਕੂਲ ਵਿੱਚ ਭਰੀ ਫ਼ੀਸ।

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਪਿਛਲੇ ਦਿਨੀਂ ਗੁਰੂ ਨਾਨਕ ਕਾਲਜ਼ ਬੁਢਲਾਡਾ ਅਤੇ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿੱਚ ਲੋੜਵੰਦ ਬੱਚਿਆਂ ਦੀ ਫ਼ੀਸ ਭਰੀ ਗਈ। ਜਾਣਕਾਰੀ ਦਿੰਦੇ ਹੋਏ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ਼ ਸਮੇਤ ਹੋਰ ਕਾਲਜਾਂ ਵਿੱਚ ਦੋ ਮਹੀਨੇ ਪਹਿਲਾਂ ਲੋੜਵੰਦ ਬੱਚਿਆਂ ਦੀ ਇੱਕ ਲੱਖ ਰੁਪਏ ਤੋਂ ਵੱਧ ਦੀ ਫ਼ੀਸ ਭਰੀ ਗਈ ਸੀ। ਕੁੱਝ ਬੱਚਿਆਂ ਦੀਆਂ ਅਰਜ਼ੀਆਂ ਲੇਟ ਆਈਆਂ ਸਨ। ਇਹਨਾਂ ਲੋੜਵੰਦ ਬੱਚਿਆਂ ਦੀ ਫ਼ੀਸ 20 ਹਜ਼ਾਰ ਰੁਪਏ ਵਿਆਹ ਮਹਾਂ ਉਤਸਵ ਤੋਂ ਬਾਅਦ ਹੁਣ ਹੋਰ ਭਰੀ ਗਈ ਹੈ। ਇਸੇ ਤਰ੍ਹਾਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿੱਚ ਵੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ 7 ਲੋੜਵੰਦ ਬੱਚੀਆਂ ਦੀ ਦਾਖ਼ਲਾ ਫ਼ੀਸ ਵੀ ਦਸ ਹਜ਼ਾਰ ਰੁਪਏ ਤੋਂ ਵੱਧ ਭਰੀ ਗਈ। ਸੰਸਥਾ ਵਲੋਂ ਕੰਨਿਆ ਸਕੂਲ ਵਿੱਚ ਹਰ ਸਾਲ ਕੈਂਪਰਾ ਰਾਹੀਂ ਪਾਣੀ ਦੀ ਸੇਵਾ ਕੀਤੀ ਜਾਂਦੀ ਰਹੀ ਹੈ, ਜਿਸ ਤੇ ਲਗਭਗ 10 ਹਜ਼ਾਰ ਰੁਪਏ ਮਹੀਨਾ ਖ਼ਰਚ ਹੁੰਦਾ ਸੀ। ਹੁਣ ਸਕੂਲ ਵਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਸਹਿਯੋਗ ਨਾਲ 800 ਫੁੱਟ ਡੂੰਘਾ ਬੋਰ ਕਰਕੇ ਸਮਰਸੀਵਲ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਯੋਗਦਾਨ ਪਾਉਂਦੇ ਹੋਏ ਸੰਸਥਾ ਵਲੋਂ 40 ਹਜ਼ਾਰ ਰੁਪਏ ਦਾ ਚੈੱਕ ਸਕੂਲ ਪ੍ਰਿੰਸੀਪਲ ਨੂੰ ਦਿੱਤਾ ਗਿਆ। ਇਸ ਵਿੱਚ ਅਮਰੀਕਾ ਤੋਂ ਇੱਕ ਦਾਨੀ ਸੱਜਣ ਵਲੋਂ 25 ਹਜਾਰ ਰੁਪਏ ਦੀ ਅਤੇ ਮਾਸਟਰ ਕੁਲਵੰਤ ਸਿੰਘ ਵਲੋਂ 5 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਬਾਕੀ 10 ਹਜ਼ਾਰ ਰੁਪਏ ਸੰਸਥਾ ਵਲੋਂ ਪਾਏ ਗਏ ਹਨ। ਬੋਰ ਦਾ ਪਾਣੀ ਬਹੁਤ ਵਧੀਆ ਨਿਕਲਿਆ ਹੈ। ਉਹਨਾਂ ਦੱਸਿਆ ਕਿ ਭਾਂਵੇ ਸੰਸਥਾ ਵਲੋਂ ਆਪਣੀ ਭੂਮੀ ਲੈਕੇ ਦਫ਼ਤਰ ਬਣਾਇਆ ਜਾ ਰਿਹਾ ਹੈ ਪਰ ਲੋੜਵੰਦਾਂ ਦੀ ਮਦਦ ਪਹਿਲਾਂ ਵਾਂਗ ਹੀ ਕੀਤੀ ਜਾ ਰਹੀ ਹੈ। ਸੰਸਥਾ ਵਲੋਂ ਆਪਣੇ ਲਗਭਗ 250 ਲੋੜਵੰਦ ਪਰਿਵਾਰਾਂ ਨੂੰ ਵੀ ਰਾਸ਼ਨ ਕਾਰਡ ਅਤੇ ਸਟੇਸ਼ਨਰੀ ਦੀ ਵੰਡ ਇੱਕ ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਰਾਹੀਂ ਉਹ ਪਰਿਵਾਰ ਫ਼ਿਕਸ ਦੁਕਾਨ ਤੇ ਜਾ ਕੇ ਆਪਣਾ ਰਾਸ਼ਨ ਲੈ ਸਕਦੇ ਹਨ। ਮਰੀਜ਼ਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਫੀਸਾਂ ਭਰਮ ਮੌਕੇ ਕਾਲਜ਼ ਪ੍ਰਿੰਸੀਪਲ ਨਰਿੰਦਰ ਸਿੰਘ ਅਤੇ ਸਕੂਲ ਪ੍ਰਿੰਸੀਪਲ ਗੁਰਮੀਤ ਸਿੰਘ ਤੋਂ ਇਲਾਵਾ ਲੈਕਚਰ ਸ਼ਮਸ਼ੇਰ ਸਿੰਘ, ਸੰਸਥਾ ਆਗੂ ਕੁਲਵਿੰਦਰ ਸਿੰਘ, ਬਲਬੀਰ ਸਿੰਘ ਕੈਂਥ, ਭੂਸ਼ਨ ਵਰਮਾ ਅਤੇ ਨੱਥਾ ਸਿੰਘ ਹਾਜ਼ਰ ਸਨ।